ਵਿਜੀਲੈਂਸ ਵਿਭਾਗ ਵੱਲੋਂ ਸੜਕਾਂ ਦੇ ਨਿਰਮਾਣ ''ਚ ਵਰਤੇ ਘਟੀਆ ਮਟੀਰੀਅਲ ਦੀ ਪੜਤਾਲ ਸ਼ੁਰੂ
Wednesday, Dec 20, 2017 - 12:41 AM (IST)

ਮੋਗਾ, (ਗਰੋਵਰ, ਗੋਪੀ)- ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਕੀਤੇ ਵਿਕਾਸ ਕਾਰਜਾਂ 'ਚ ਕਥਿਤ ਤੌਰ 'ਤੇ ਵਰਤੇ ਘਟੀਆ ਮਟੀਰੀਅਲ ਦੇ ਮਾਮਲੇ ਦੀ ਹਲਕਾ ਵਿਧਾਇਕ ਡਾ. ਹਰਜੋਤਕਮਲ ਵੱਲੋਂ ਕੀਤੀ ਗਈ ਸ਼ਿਕਾਇਤ ਮਗਰੋਂ ਅੱਜ ਵਿਜੀਲੈਂਸ ਬਿਊਰੋ ਚੰਡੀਗੜ੍ਹ ਦੀ ਟੀਮ ਵੱਲੋਂ ਮੋਗਾ ਪੁੱਜ ਕੇ ਸ਼ਹਿਰ ਦੇ ਵਾਰਡਾਂ 'ਚ ਲੱਗੀਆਂ ਇੰਟਰਲਾਕ ਟਾਈਲਾਂ ਅਤੇ ਸੜਕਾਂ 'ਤੇ ਪਾਏ ਗਏ ਪ੍ਰੀਮਿਕਸ ਦੀ ਜਾਂਚ ਕੀਤੀ ਗਈ। ਵਿਭਾਗ ਦੀ ਟੀਮ ਵੱਲੋਂ ਭਾਵੇਂ ਦੌਰੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਪਰ ਜਿਉਂ ਹੀ ਪੱਤਰਕਾਰਾਂ ਨੂੰ ਇਸ ਦੀ ਭਿਣਕ ਲੱਗੀ ਤਾਂ ਸਮੁੱਚਾ ਮੀਡੀਆ ਨਿਗਮ ਦਫ਼ਤਰ ਵਿਖੇ ਇਕਦਮ ਇਕੱਤਰ ਹੋ ਗਿਆ। ਵਿਜੀਲੈਂਸ ਦੀ ਟੀਮ ਵੱਲੋਂ ਨਿਗਮ ਦਫ਼ਤਰ 'ਚੋਂ ਰਿਕਾਰਡ ਦੀ ਜਾਂਚ ਕਰਨ ਮਗਰੋਂ ਪੱਤਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਗਿਆ ਕਿ ਉਹ ਸਾਰੀ ਜਾਣਕਾਰੀ ਇਕੱਤਰ ਕਰ ਕੇ ਵਿਜੀਲੈਂਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜ ਰਹੇ ਹਨ ਅਤੇ ਉਸ ਮਗਰੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਵਿਭਾਗੀ ਤੌਰ 'ਤੇ ਤਾਂ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਪਰ 'ਜਗ ਬਾਣੀ' ਨੂੰ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ 'ਚ ਇਹ ਸਪੱਸ਼ਟ ਹੋ ਗਿਆ ਹੈ ਕਿ ਟੀਮ ਨੂੰ ਨਿਗਮ ਵੱਲੋਂ ਬਣਾਈਆਂ ਸੜਕਾਂ 'ਚ ਕਈ ਤਰ੍ਹਾਂ ਦੀਆਂ ਖਾਮੀਆਂ ਦੇਖਣ ਨੂੰ ਮਿਲੀਆਂ ਹਨ। ਸੂਤਰਾਂ ਦਾ ਦੱਸਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਘਟੀਆ ਮਟੀਰੀਅਲ ਦੇ ਮਾਮਲੇ 'ਚ ਵੱਡਾ 'ਘਪਲਾ' ਬੇਪਰਦ ਹੋਣ ਦੀ ਸੰਭਾਵਨਾ ਹੈ।
ਵਿਜੀਲੈਂਸ ਟੀਮ ਵੱਲੋਂ ਇੰਟਰਲਾਕ ਟਾਈਲਾਂ ਦੇ ਥੱਲੇ ਪਾਈ ਗਈ ਰੇਤਾ, ਬੱਜਰੀ ਅਤੇ ਪੱਥਰ ਦੇ ਮਟੀਰੀਅਲ ਦੀ ਪੜਤਾਲ ਮਗਰੋਂ ਇਹ ਜਾਂਚ ਵੀ ਕੀਤੀ ਗਈ ਕਿ ਇੰਟਰਲਾਕ ਟਾਈਲਾਂ ਨੂੰ ਲਾਉਣ ਵੇਲੇ ਕਿੰਨੀ ਵਿੱਥ ਜ਼ਰੂਰੀ ਹੈ। ਦੱਸਣਾ ਬਣਦਾ ਹੈ ਕਿ ਹਲਕਾ ਵਿਧਾਇਕ ਵੱਲੋਂ ਵਾਰਡ ਨੰਬਰ 31 ਤੇ 15 ਸਣੇ ਕਈ ਹੋਰ ਵਾਰਡਾਂ 'ਚ ਬਣਾਈਆਂ ਸੜਕਾਂ 'ਚ ਵਰਤੇ ਘਟੀਆ ਮਟੀਰੀਅਲ ਦੀ ਸ਼ਿਕਾਇਤ ਕੀਤੀ ਗਈ ਸੀ ਕਿਉਂਕਿ ਇਨ੍ਹਾਂ ਵਾਰਡਾਂ 'ਚ ਬਣੀਆਂ ਸੜਕਾਂ ਬਹੁਤ ਹੀ ਘੱਟ ਸਮੇਂ 'ਚ ਖਰਾਬ ਹੋਣ ਲੱਗੀਆਂ ਹਨ।