ਵਾਲਮੀਕਿ ਭਾਈਚਾਰਾ ਇਕੱਠ ਦੇ ਰੂਪ ''ਚ ਜਨਰਲ ਕੈਟਾਗਰੀ ਦੇ ਖਿਲਾਫ ਉੱਤਰਿਆ

Wednesday, Apr 11, 2018 - 04:52 AM (IST)

ਤਰਨਤਾਰਨ, (ਰਾਜੂ, ਰਮਨ)-  ਜਨਰਲ ਕੈਟਾਗਰੀ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ 'ਤੇ ਸਮਰਥਨ ਦੇ ਹੱਕ 'ਚ ਦਿੱਤੀ ਗਈ ਬੰਦ ਦੀ ਕਾਲ ਨੂੰ ਲੈ ਕੇ ਵਾਲਮੀਕਿ ਭਾਈਚਾਰਾ ਜਨਰਲ ਕੈਟਾਗਰੀ ਦੇ ਖਿਲਾਫ ਉੱਤਰਿਆ। 
ਲਲਿਤ ਕੁਮਾਰ ਲਵਲੀ ਪ੍ਰਚਾਰ ਸਕੱਤਰ ਪੰਜਾਬ, ਮਨਜੀਤ ਸਿੰਘ ਮਿੰਟੂ ਪੰਜਾਬ ਪ੍ਰਧਾਨ, ਭਗਵਾਨ ਵਾਲਮੀਕਿ ਸ਼ਕਤੀ ਸੰਗਠਨ, ਰਾਜੇਸ਼ ਭੰਡਾਰੀ ਜ਼ਿਲਾ ਪ੍ਰਧਾਨ, ਗੁਰਪ੍ਰੀਤ ਸਿੰਘ ਗੋਲਡੀ ਕੌਂਸਲਰ ਤੇ ਲੱਖਾ ਵਲਟੋਹਾ ਦੀ ਅਗਵਾਈ 'ਚ ਸੈਂਕੜੇ ਵਾਲਮੀਕਿ ਭਾਈਚਾਰੇ ਦਾ ਇਕੱਠ ਤਹਿਸੀਲ ਚੌਕ ਭਗਵਾਨ ਵਾਲਮੀਕਿ ਮੰਦਰ ਦੇ ਬਾਹਰ ਇਕਮੁੱਠ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਉਪਰੋਕਤ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਬੰਦ ਦੀ ਕਾਲ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਦਿੱਤੀ ਸੀ ਕਿਉਂਕਿ ਇਸ ਨਾਲ ਸਾਡੀਆਂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਪਰ ਜਨਰਲ ਕੈਟਾਗਰੀ, ਜਿਸ ਦਾ ਸੁਪਰੀਮ ਕੋਰਟ ਨੇ ਕੋਈ ਉਲਟ ਫੈਸਲਾ ਨਹੀਂ ਦਿੱਤਾ ਤੇ ਬੇਵਜ੍ਹਾ ਉਨ੍ਹਾਂ ਖਿਲਾਫ ਸੁਪਰੀਮ ਕੋਰਟ ਦੇ ਫੈਸਲੇ ਦੇ ਹੱਕ 'ਚ ਸਮਰਥਨ ਦੇਣ ਲਈ ਨਾਜਾਇਜ਼ ਹੀ ਬੰਦ ਦੀ ਕਾਲ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸਮਾਜ ਹਮੇਸ਼ਾ ਹੀ ਜਨਰਲ ਕੈਟਾਗਰੀ ਦੀ ਸਹਾਇਤਾ ਲਈ ਤਤਪਰ ਰਹਿੰਦਾ ਹੈ ਪਰ ਇਨ੍ਹਾਂ ਨੇ ਬੰਦ ਦੀ ਕਾਲ ਦੇ ਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹ ਅੱਗੇ ਤੋਂ ਇਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਚੱਲਣਗੇ। ਉਪਰੋਕਤ ਨੇਤਾਵਾਂ ਨੇ ਕਿਹਾ ਕਿ ਜਨਰਲ ਕੈਟਾਗਰੀ ਨੂੰ ਉਨ੍ਹਾਂ ਦੇ ਹੱਕ 'ਚ ਖੁੱਲ੍ਹ ਕੇ ਤੁਰਨਾ ਚਾਹੀਦਾ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। 


Related News