ਕਾਰ ’ਚੋਂ ਬਰਾਮਦ ਅਣਪਛਾਤੀ ਲਾਸ਼ ਦੀ ਹੋਈ ਪਛਾਣ, ਪਿੰਡ ਨਾਗਰਾ ਦੇ ਮੌਜੂਦਾ ਸਰਪੰਚ ਦਾ ਸੀ ਪੁੱਤਰ

Sunday, Apr 25, 2021 - 08:11 PM (IST)

ਕਾਰ ’ਚੋਂ ਬਰਾਮਦ ਅਣਪਛਾਤੀ ਲਾਸ਼ ਦੀ ਹੋਈ ਪਛਾਣ, ਪਿੰਡ ਨਾਗਰਾ ਦੇ ਮੌਜੂਦਾ ਸਰਪੰਚ ਦਾ ਸੀ ਪੁੱਤਰ

ਭਵਾਨੀਗੜ੍ਹ, (ਕਾਂਸਲ)- ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਂਦੀ ਮੁੱਖ ਸੜਕ ਉਪਰ ਬੀਤੇ ਦਿਨ ਸ਼ਨੀਵਾਰ ਸ਼ਾਮ ਨੂੰ ਇਕ ਮਾਰੂਤੀ ਕਾਰ ’ਚ ਭੇਤਭਰੇ ਹਾਲਤਾਂ ’ਚ ਮਿਲੀ ਲਾਸ਼ ਦੀ ਪਹਿਚਾਨ ਪਿੰਡ ਨਾਗਰਾ ਦੀ ਮੌਜੂਦ ਮਹਿਲਾ ਸਰਪੰਚ ਪਰਮਜੀਤ ਕੌਰ ਦੇ ਨੌਜਵਾਨ ਪੁੱਤਰ ਹਰਕੀਰਤ ਸਿੰਘ ਦੇ ਤੌਰ ’ਤੇ ਹੋਈ ਹੈ। 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਕੇਸ ਦੀ ਪੜਤਾਲ ਕਰ ਰਹੇ ਸਹਾਇਕ ਸਬ ਇੰਸਪੈਕਟਰ ਭੋਲਾ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਭਵਾਨੀਗੜ੍ਹ ਸੁਨਾਮ ਮੁੱਖ ਸੜਕ ਉਪਰ ਖੜੀ ਇਕ ਲਾਵਾਰਿਸ ਮਾਰੂਤੀ ਕਾਰ ਦੀ ਕੰਡਕਟਰ ਸੀਟ ਤੋਂ ਜੋ ਨੌਜਵਾਨ ਦੀ ਲਾਸ਼ ਮਿਲੀ ਸੀ ਉਸ ਦੀ ਪਹਿਚਾਨ ਪਿੰਡ ਨਾਗਰਾ ਦੀ ਸਰਪੰਚ ਪਰਮਜੀਤ ਕੌਰ ਪਤਨੀ ਗੁਰਮੇਲ ਸਿੰਘ ਦੇ ਪੁੱਤਰ ਹਰਕੀਰਤ ਸਿੰਘ ਦੇ ਤੌਰ ’ਤੇ ਹੋਈ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਚੱਲਿਆ ਜਿਸ ਦੀ ਪੁਲਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ। 

PunjabKesari
ਦੂਜੇ ਪਾਸੇ ਇਸ ਸਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਪਿੰਡ ਨਾਗਰਾ ਦੀ ਸਰਪੰਚ ਸ੍ਰੀਮਤੀ ਪਰਮਜੀਤ ਕੌਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਬਹੁਤ ਹੀ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਅਚਾਨਕ ਜਾਂ ਕੁੱਦਰਤੀ ਨਹੀਂ ਉਨ੍ਹਾਂ ਦੇ ਪੁੱਤਰ ਦੀ ਮੌਤ ਸੱਕੀ ਹੈ। ਜਿਸ ਦੀ ਪੁਲਸ ਨੂੰ ਪੂਰੀ ਡੁੰਘਾਈ ਨਾਲ ਜਾਂਚ ਕਰਕੇ ਅਸਲੀਅਤ ਸਾਹਮਣੇ ਲਿਆਉਣੀ ਚਾਹੀਦੀ ਹੈ। ਉਨ੍ਹਾਂ ਸੱਕ ਜਾਹਿਰ ਕੀਤਾ ਕਿ ਉਨ੍ਹਾਂ ਦੇ ਪੁੱਤਰ ਦੇ ਨਾਲ ਇਕ ਹੋਰ ਨੌਜਵਾਨ ਵੀ ਮੌਜੂਦ ਸੀ। ਜੋ ਉਨ੍ਹਾਂ ਦੇ ਪੁੱਤਰ ਨੂੰ ਮ੍ਰਿਤਕ ਹਾਲਤ ’ਚ ਉਥੇ ਛੱਡ ਕੇ ਫਰਾਰ ਹੋ ਗਿਆ ਅਤੇ ਜਾਂਦੇ ਸਮੇਂ ਉਨ੍ਹਾਂ ਦੇ ਪੁੱਤਰ ਦਾ ਮੋਬਾਇਲ ਫੋਨ ਵੀ ਨਾਲ ਲੈ ਗਿਆ ਹੈ ਅਤੇ ਇਹ ਮੋਬਾਇਲ ਫੋਨ ਪੁਲਸ ਨੂੰ ਸ਼ਹਿਰ ਤੋਂ ਬਰਾਮਦ ਹੋ ਗਿਆ ਹੈ। ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਅਸ਼ਲੀਅਤ ਲਈ ਇਸ ਦੀ ਪੂਰੀ ਜਾਂਚ ਕੀਤੀ ਜਾਵੇ।


author

Bharat Thapa

Content Editor

Related News