ਟਾਇਰ ਫੱਟਣ ਕਾਰਨ ਦਰੱਖਤ ਨਾਲ ਟਕਰਾਇਆ ਟਰੱਕ, ਅੱਗ ਨਾਲ ਕੈਬਿਨ ਸੜ ਕੇ ਸੁਆਹ
Wednesday, May 29, 2024 - 08:56 PM (IST)
ਭਵਾਨੀਗੜ੍ਹ, (ਵਿਕਾਸ ਮਿੱਤਲ)- ਭਵਾਨੀਗੜ੍ਹ-ਸਮਾਣਾ ਰਾਜ ਮਾਰਗ 'ਤੇ ਬੁੱਧਵਾਰ ਨੂੰ ਰੇਤ ਨਾਲ ਭਰਿਆ ਇੱਕ ਟਰੱਕ-ਟਰਾਲਾ ਅਚਾਨਕ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਖਤਾਨਾਂ 'ਚ ਦਰੱਖਤ ਨਾਲ ਜਾ ਟਕਰਾਇਆ। ਘਟਨਾ ਦੌਰਾਨ ਤੇਲ ਦੀ ਟੈਂਕੀ ਫਟਣ ਕਾਰਨ ਲੱਗੀ ਭਿਆਨਕ ਅੱਗ ਨਾਲ ਟਰੱਕ ਟਰਾਲੇ ਦਾ ਅਗਲਾ ਕੈਬਿਨ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ। ਘਟਨਾ ਸਮੇਂ ਟਰੱਕ ਦੇ ਚਾਲਕ ਤੇ ਸਹਾਇਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਜਾਣਕਾਰੀ ਅਨੁਸਾਰ ਕਰਨਾਲ ਤੋਂ ਰੇਤ ਭਰ ਕੇ ਬਰਨਾਲਾ ਜਾ ਰਿਹਾ ਇੱਕ ਟਰੱਕ-ਟਰਾਲਾ ਬੁੱਧਵਾਕ ਨੂੰ ਜਦੋਂ ਇੱਥੇ ਸਮਾਣਾ ਰੋਡ 'ਤੇ ਪਿੰਡ ਬਾਲਦ ਖੁਰਦ ਨੇੜੇ ਪਹੁੰਚਿਆ ਤਾਂ ਡਰਾਇਵਰ ਮਨਿੰਦਰ ਸਿੰਘ ਅਨੁਸਾਰ ਗੱਡੀ ਦੀ ਕੰਡਕਟਰ ਸਾਈਡ ਦਾ ਟਾਇਰ ਫਟਣ ਕਾਰਨ ਟਰੱਕ ਤੋਂ ਆਪਣਾ ਸੰਤੁਲਨ ਗੁਆ ਬੈਠਾ ਤੇ ਬੇਕਾਬੂ ਹੋ ਕੇ ਟਰੱਕ ਖਤਾਨਾਂ ਵਿੱਚ ਇੱਕ ਦਰੱਖਤ ਨਾਲ ਜਾ ਟਕਰਾਇਆ। ਇਸ ਦੌਰਾਨ ਤੇਲ ਦੀ ਟੈਂਕੀ ਫਟਣ ਕਾਰਨ ਧਮਾਕੇ ਮਗਰੋਂ ਟਰੱਕ ਦੇ ਅਗਲੇ ਕੈਬਿਨ ਨੂੰ ਭਿਆਨਕ ਅੱਗ ਲੱਗ ਗਈ। ਚਾਲਕ ਮਨਿੰਦਰ ਨੇ ਦੱਸਿਆ ਕਿ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਉਸਨੇ ਕੰਡਕਟਰ ਸਮੇਤ ਟਰੱਕ ਵਿੱਚੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਦੋਵਾਂ ਦਾ ਬਚਾਅ ਹੋ ਗਿਆ।
ਓਧਰ, ਘਟਨਾ ਸਬੰਧੀ ਪਤਾ ਲੱਗਣ ’ਤੇ ਮੌਕੇ ’ਤੇ ਪੁੱਜੇ ਥਾਣਾ ਭਵਾਨੀਗੜ੍ਹ ਦੇ ਐੱਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਗਿਆ ਤੇ ਸਮਾਣਾ ਤੋਂ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਸਮੇਤ ਸਥਾਨਕ ਲੋਕਾਂ ਵੱਲੋਂ ਆਪਣੇ ਪੱਧਰ 'ਤੇ ਕੀਤੇ ਗਏ ਯਤਨਾਂ ਸਦਕਾ ਅੱਗ 'ਤੇ ਕਾਬੂ ਪਾਇਆ ਗਿਆ ਪਰਤੂੰ ਉਦੋਂ ਤੱਕ ਟਰੱਕ ਦੇ ਕੈਬਿਨ ਦਾ ਜ਼ਿਆਦਾਤਰ ਹਿੱਸਾ ਅੱਗ ਨਾਲ ਬੁਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਾ ਸੀ। ਐੱਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।