ਨਹੀਂ ਰੁਕ ਰਿਹਾ ਕੇਂਦਰੀ ਜੇਲ੍ਹ ''ਚੋਂ ਮੋਬਾਇਲ ਮਿਲਣ ਦਾ ਸਿਲਸਿਲਾ, 8 ਮੋਬਾਇਲ ਤੇ ਸਿਮ ਕਾਰਡ ਹੋਏ ਬਰਾਮਦ

10/17/2023 4:56:15 PM

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ) : ਫਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਨੇ ਇਕ ਵੱਡੀ ਕਾਰਵਾਈ ਕਰਦਿਆਂ ਜੇਲ੍ਹ ਅੰਦਰ ਤਲਾਸ਼ੀ ਮੁਹਿੰਮ ਦੌਰਾਨ 8 ਮੋਬਾਇਲ ਫੋਨ, ਸਿਮ ਕਾਰਡ ਅਤੇ ਅਡਾਪਟਰ ਆਦਿ ਬਰਾਮਦ ਕੀਤੇ ਹਨ। ਨਾਲ ਹੀ ਸ਼ਰਾਰਤੀ ਅਨਸਰਾਂ ਵਲੋਂ ਜੇਲ ਦੇ ਅੰਦਰ ਸੁੱਟੇ ਗਏ ਪੈਕਟ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ’ਚੋਂ ਸਿਗਰਟਾਂ ਦੀਆਂ ਡੱਬੀਆਂ, ਬੀੜੀਆਂ ਦੇ ਬੰਡਲ, ਤੰਬਾਕੂ ਦੀਆਂ ਪੁੜੀਆਂ, 2 ਟੱਚ ਸਕਰੀਨ ਮੋਬਾਇਲ ਆਦਿ ਬਰਾਮਦ ਹੋਏ ਹਨ। ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਵਲੋਂ ਭੇਜੇ ਲਿਖਤੀ ਪੱਤਰਾਂ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਕੈਦੀਆਂ, ਗੈਂਗਸਟਰ ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ਼ 5 ਮਾਮਲੇ ਦਰਜ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਬਰਾਮਦਗੀ ਸਬੰਧੀ ਜੇਲ ਦੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ, ਸਰਬਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਵਲੋਂ ਪੁਲਸ ਨੂੰ ਲਿਖਤੀ ਪੱਤਰ ਭੇਜੇ ਹਨ ਅਤੇ ਇਨ੍ਹਾਂ ਮਾਮਲਿਆਂ ’ਚ ਏ. ਐੱਸ. ਆਈ. ਗੁਰਮੇਲ ਸਿੰਘ ਅਤੇ ਏ. ਐੱਸ. ਆਈ. ਜਸਪਾਲ. ਸਿੰਘ ਦੀ ਅਗਵਾਈ ਹੇਠ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਝਾਰਖੰਡ ਤੋਂ ਅਫੀਮ ਸਪਲਾਈ ਕਰਨ ਆਏ 11ਵੀਂ ਦੀ ਵਿਦਿਆਰਥਣ ਸਣੇ 2 ਕਾਬੂ

ਐੱਸ. ਐੱਚ. ਓ. ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਅਨੁਸਾਰ ਗੁਪਤ ਸੂਚਨਾ ਦੇ ਆਧਾਰ ’ਤੇ ਜਦੋਂ ਅਹਾਤਾ ਨੰਬਰ 4 ਦੀ ਚੱਕੀ ਨੰਬਰ 9 ਦੀ ਤਲਾਸ਼ੀ ਲਈ ਗਈ ਤਾਂ ਕੈਦੀ ਸਤਨਾਮ ਸਿੰਘ ਕੋਲੋਂ ਏਅਰਟੈੱਲ ਕੰਪਨੀ ਦੇ ਸਿਮ ਕਾਰਡ ਸਮੇਤ ਓਪੋ ਕੰਪਨੀ ਦਾ ਮੋਬਾਇਲ ਫੋਨ ਬਰਾਮਦ ਹੋਇਆ ਅਤੇ ਹਵਾਲਾਤੀ ਸਤਨਾਮ ਸਿੰਘ ਦੀ ਤਲਾਸ਼ੀ ਦੌਰਾਨ ਨੋਕੀਆ ਕੰਪਨੀ ਦੇ ਇੱਕ ਮੋਬਾਇਲ ਫੋਨ ਸਮੇਤ ਸਿਮ ਕਾਰਡ ਬਰਾਮਦ ਹੋਇਆ, ਜਦਕਿ 3 ਮੋਬਾਇਲ ਅਤੇ ਇੱਕ ਚਾਰਜਰ ਲਾਵਾਰਿਸ ਹਾਲਤ ’ਚ ਬਰਾਮਦ ਹੋਇਆ। ਉਸ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਅਨੁਸਾਰ ਜਦੋਂ ਸਹਾਇਕ ਸੁਪਰਡੈਂਟ ਨੇ ਕਰਮਚਾਰੀਆਂ ਦੇ ਨਾਲ ਬਲਾਕ ਨੰਬਰ 1 ਦੀ ਬੈਰਕ ਨੰਬਰ 6 ਦੀ ਤਲਾਸ਼ੀ ਲਈ ਤਾਂ ਉਥੇ ਇਕ ਮੋਬਾਇਲ ਕੀਪੈਡ, ਜਿਸ ’ਚ ਸਿਮ ਕਾਰਡ ਸੀ, ਲਵਾਰਸ ਹਾਲਤ ’ਚ ਮਿਲਿਆ ਅਤੇ ਅਹਾਤਾ ਨੰਬਰ 3 ’ਚ ਤਲਾਸ਼ੀ ਲੈਣ ’ਤੇ ਗੈਂਗਸਟਰ ਹਵਾਲਾਤੀ ਕਸ਼ਿਸ਼ ਉਰਫ ਕੁਲਦੀਪ ਅਤੇ ਗੈਂਗਸਟਰ ਅਮਿਤ ਕੁਮਾਰ ਉਰਫ ਝਾਂਬੀ ਕੋਲੋਂ 2 ਸਿਮ ਕਾਰਡ ਬਰਾਮਦ ਹੋਏ।

ਇਹ ਵੀ ਪੜ੍ਹੋ : ਮੀਂਹ ਨੇ ਰੋਲੀ ਫ਼ਸਲ, ਭਗਤਾਂਵਾਲੀ ਮੰਡੀ 'ਚ ਡੇਢ ਲੱਖ ਬੋਰੀ ਝੋਨਾ ਹੋਇਆ ਬਰਬਾਦ

ਐੱਸ. ਐੱਚ. ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਅਨੁਸਾਰ ਬੀਤੀ ਸਵੇਰ 3.40 ਵਜੇ ਦੇ ਕਰੀਬ ਬਾਹਰੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਜੇਲ੍ਹ ਅੰਦਰ ਪੈਕੇਟ ਸੁੱਟੇ ਗਏ ਸਨ, ਜਿਨ੍ਹਾਂ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ’ਚੋਂ 7 ਲਾਈਟਰ, 5 ਸਿਗਰਟ ਦੀਆਂ ਡੱਬੀਆਂ, 9 ਬੀੜੀਆਂ ਦੇ ਬੰਡਲ ਅਤੇ 5 ਖੁੱਲ੍ਹੇ ਬੰਡਲ, 143 ਤੰਬਾਕੂ ਦੀਆਂ ਅਤੇ 9 ਚੈਨੀ-ਚੈਨੀ ਜਰਦੇ ਦੀਆਂ ਪੁੜੀਆਂ, 2 ਟੱਚ ਸਕਰੀਨ ਮੋਬਾਇਲ ਫੋਨ, ਇਕ ਅਡਾਪਟਰ ਅਤੇ ਇਕ ਡਾਟਾ ਕੇਬਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸਿਟੀ ਪੁਲਸ ਵਲੋਂ ਨਾਮਜ਼ਦ ਹਵਾਲਾਤੀਆਂ, ਕੈਦੀਆਂ ਅਤੇ ਗੈਂਗਸਟਰਾਂ ਖਿਲਾਫ ਮਾਮਲੇ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ EVMs ਦੀ ਚੈਕਿੰਗ ਸ਼ੁਰੂ, ਚੋਣ ਕਮਿਸ਼ਨ ਵੱਲੋਂ ਭੇਜੀ ਟੀਮ ਕਰੇਗੀ ਨਿਰੀਖਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News