ਮਿੱਟੀ ਦੀ ਢਿੱਗ ਹੇਠ ਆਉਣ ਕਾਰਨ ਕਿਸਾਨ ਦੀ ਦਰਦਨਾਕ ਮੌਤ
Saturday, Sep 09, 2017 - 09:35 PM (IST)
ਚੋਹਲਾ ਸਾਹਿਬ/ਤਰਨਤਾਰਨ(ਨਈਅਰ)— ਅੱਜ ਇਥੋਂ ਦੇ ਇਕ ਕਿਸਾਨ ਦੀ 30 ਫੁੱਟ ਡੂੰਘੀ ਖੁਹੀ 'ਚ ਮੋਟਰ ਠੀਕ ਕਰਨ ਗਏ ਦੀ ਮਿੱਟੀ ਦੀ ਢਿੱਗ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜਾਗੀਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਚੋਹਲਾ ਸਾਹਿਬ, ਜੋ ਕਿ ਕਿਸਾਨੀ ਦੇ ਕਿੱਤੇ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਇਥੋਂ ਦੇ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਵਿਖੇ ਗ੍ਰੰਥੀ ਦੀ ਸੇਵਾ ਵੀ ਨਿਭਾ ਰਿਹਾ ਸੀ, ਸਵੇਰੇ ਕਰੀਬ 8 ਵਜੇ ਆਪਣੀ ਰਿਹਾਇਸ਼ ਦੇ ਨੇੜੇ ਹੀ 30 ਫੁੱਟ ਡੂੰਘੀ ਖੂਹੀ, ਜਿਸ 'ਚ ਕਿ ਟਿਊਬਵੈਲ ਦੀ ਮੋਟਰ ਲੱਗੀ ਹੋਈ ਸੀ, ਨੂੰ ਠੀਕ ਕਰਨ ਲਈ ਹੇਠਾਂ ਉੱਤਰਿਆ ਸੀ, ਜਿਸ 'ਤੇ ਮਿੱਟੀ ਦੀ ਵੱਡੀ ਢਿੱਗ ਡਿੱਗ ਗਈ ਤੇ ਉਹ ਉਸ ਦੇ ਹੇਠਾਂ ਦੱਬ ਗਿਆ। ਇਸ ਖਬਰ ਦਾ ਪਤਾ ਲੱਗਦਿਆਂ ਹੀ ਆਸ-ਪਾਸ ਦੇ ਲੋਕਾਂ ਤੇ ਬੀ.ਡੀ.ਪੀ.ਓ. ਦਫਤਰ ਦੇ ਕਰਮਚਾਰੀਆਂ ਨੇ ਜੇ.ਸੀ.ਬੀ. ਦੀ ਮਦਦ ਨਾਲ ਪੰਜ ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਜਾਗੀਰ ਸਿੰਘ ਨੂੰ ਮਿੱਟੀ ਹੇਠੋਂ ਕੱਢਿਆ ਤੇ ਉਸ ਨੂੰ ਸਰਕਾਰੀ ਸਿਹਤ ਕੇਂਦਰ ਸਰਹਾਲੀ ਦਾਖਲ ਕਰਵਾਇਆ, ਜਿਥੇ ਕਿ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਪੋਸਟਮਾਰਟਮ ਲਈ ਜਾਗੀਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਸਰਹਾਲੀ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ 3 ਬੇਟੀਆਂ ਨੂੰ ਛੱਡ ਗਿਆ ਹੈ।
