ਪਖਾਨਾ ਗਏ ਨੌਜਵਾਨ ''ਤੇ ਬਾਘ ਵੱਲੋਂ ਹਮਲਾ

Thursday, Jun 15, 2017 - 01:32 AM (IST)

ਪਖਾਨਾ ਗਏ ਨੌਜਵਾਨ ''ਤੇ ਬਾਘ ਵੱਲੋਂ ਹਮਲਾ

ਨੂਰਪੁਰਬੇਦੀ,   (ਭੰਡਾਰੀ)-  ਇਲਾਕੇ ਦੇ ਨਾਲ ਲੱਗਦੇ ਸ਼ਿਵਾਲਿਕ ਦੇ ਜੰਗਲਾਂ 'ਚ ਬਾਘ ਦੇ ਦਸਤਕ ਦੇਣ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਅੱਜ ਤੜਕਸਾਰ ਪਿੰਡ ਝਾਂਡੀਆਂ ਕਲਾਂ ਵਿਖੇ ਘਰੋਂ ਕੁਝ ਦੂਰੀ 'ਤੇ ਪਖਾਨਾ ਗਏ ਇਕ ਵਿਅਕਤੀ ਨੂੰ ਕਿਸੇ ਬਾਘ ਨੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਚੰਡੀਗੜ੍ਹ ਦੇ ਸੈਕਟਰ-16 ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਜ਼ਖਮੀ 33 ਸਾਲਾ ਸਰਬਜੀਤ ਸਿੰਘ ਪੁੱਤਰ ਗਿਆਨ ਚੰਦ ਵਾਸੀ ਝਾਂਡੀਆਂ ਕਲਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ 7 ਕੁ ਵਜੇ ਜਦੋਂ ਸਰਬਜੀਤ ਸਿੰਘ ਘਰੋਂ ਪਖਾਨੇ ਲਈ ਗਿਆ ਤਾਂ ਬਾਘ ਨੇ ਉਸ 'ਤੇ ਹਮਲਾ ਕਰ ਦਿੱਤਾ। ਉਸ ਵੱਲੋਂ ਰੌਲਾ ਪਾਉਣ 'ਤੇ ਨੇੜਲੇ ਘਰਾਂ ਦੇ ਲੋਕ ਮੌਕੇ 'ਤੇ ਪੁੱਜੇ ਪਰ ਉਦੋਂ ਤੱਕ ਬਾਘ ਉਸ ਨੂੰ ਗੰਭੀਰ ਜ਼ਖ਼ਮੀ ਕਰ ਕੇ ਭੱਜ ਗਿਆ। ਪਿੰਡ ਵਾਸੀਆਂ ਨੇ ਜ਼ਖਮੀ ਦੇ ਇਲਾਜ ਲਈ ਜ਼ਿਲਾ ਪ੍ਰਸ਼ਾਸਨ ਤੋਂ ਖਰਚਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਕਿਸੇ ਜਾਨਵਰ ਦੇ ਪੰਜਿਆਂ ਦੇ ਹੀ ਨਿਸ਼ਾਨ ਸਨ : ਡਾ. ਮਨਦੀਪ
ਜ਼ਖ਼ਮੀ ਨੌਜਵਾਨ ਨੂੰ ਤੁਰੰਤ ਗੰਭੀਰ ਹਾਲਤ 'ਚ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਸ ਦਾ ਇਲਾਜ ਕਰ ਰਹੇ ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਗੰਭੀਰ ਜ਼ਖਮੀ ਕੀਤਾ ਹੋਇਆ ਸੀ ਤੇ ਯਕੀਨਨ ਇਹ ਕਿਸੇ ਜਾਨਵਰ ਦੇ ਪੰਜਿਆਂ ਦੇ ਹੀ ਨਿਸ਼ਾਨ ਸਨ ਪਰ ਇਹ ਕਿਸ ਜਾਨਵਰ ਦੇ ਸਨ, ਕਹਿਣਾ ਮੁਸ਼ਕਿਲ ਹੈ।
ਡੀ. ਐੱਫ. ਓ. ਨੇ ਕੀਤਾ ਘਟਨਾ ਸਥਾਨ ਦਾ ਦੌਰਾ
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਜ਼ਿਲਾ ਜੰਗਲਾਤ ਅਧਿਕਾਰੀ (ਡੀ.ਐੱਫ.ਓ.) ਰੂਪਨਗਰ ਵਿੱਦਿਆ ਸਾਗਰ ਨੇ ਪਿੰਡ ਝਾਂਡੀਆਂ ਕਲਾਂ ਦਾ ਦੌਰਾ ਕੀਤਾ ਤੇ ਲੋਕਾਂ ਤੋਂ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪੈਰਾਂ ਦੇ ਨਿਸ਼ਾਨ ਸਪੱਸ਼ਟ ਦਿਖਾਈ ਨਹੀਂ ਦੇ ਰਹੇ ਸਨ, ਫਿਰ ਵੀ ਉਹ ਇਸ ਘਟਨਾ ਦੀ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਜੰਗਲਾਂ 'ਚ ਬਾਘ ਦਾ ਪਾਇਆ ਜਾਣਾ ਮੁਸ਼ਕਿਲ ਹੈ। ਇਸ ਮੌਕੇ ਉਨ੍ਹਾਂ ਨਾਲ ਰੇਂਜ ਅਫਸਰ ਨੂਰਪੁਰਬੇਦੀ ਸੁਰਜੀਤ ਸਿੰਘ ਵੀ ਹਾਜ਼ਰ ਸਨ।


Related News