ਕੁਰਬਾਨੀ ਗੈਂਗ ਦੀ ਧਮਕੀ ਤੋਂ ਬਾਅਦ ਪ੍ਰਸ਼ਾਸਨ ਚੌਕੰਣਾਂ, ਬਿਆਨ ਦੇਣ ਵਾਲਿਆਂ ਦੀ ਜਾਨ ਨੂੰ ਖਤਰਾ
Friday, Sep 29, 2017 - 08:34 AM (IST)

ਪੰਚਕੂਲਾ — ਡੇਰਾ ਸੱਚਾ ਸੌਦਾ ਦੀ ਕੁਰਬਾਨੀ ਗੈਂਗ ਤੋਂ ਮਿਲੀ ਧਮਕੀ ਤੋਂ ਬਾਅਦ ਪ੍ਰਸ਼ਾਸਨ ਚੌਕੰਣਾ ਹੋ ਗਿਆ ਹੈ ਅਤੇ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਹਰਿਆਣਾ ਪੁਲਸ ਨੇ ਇਸ ਕੇਸ ਨਾਲ ਜੁੜੇ, ਮੀਡੀਆ ਦੇ ਸਾਹਮਣੇ ਆ ਕੇ ਬਿਆਨ ਦੇਣ ਵਾਲੇ ਅਤੇ ਆਪਣੇ ਅਫਸਰਾਂ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਉਨ੍ਹਾਂ ਦੇ ਆਸ-ਪਾਸ ਕਮਾਂਡੋ ਵੀ ਤਾਇਨਾਤ ਕਰ ਦਿੱਤੇ ਹਨ। ਇਸ ਤੋਂ ਇਲਾਵਾ ਹਰਿਆਣਾ ਪੁਲਸ ਨੇ ਸੀਬੀਆਈ ਦੇ ਉਨ੍ਹਾਂ ਅਫਸਰਾਂ ਨੂੰ ਵੀ ਅਲਰਟ ਰਹਿਣ ਲਈ ਕਿਹਾ ਹੈ ਜੋ ਕਿ ਇਸ ਕੇਸ ਨਾਲ ਸਿੱਧੇ ਤੌਰ 'ਤੇ ਜੁੜੇ ਹਨ। ਸੀਬੀਆਈ ਦੀ ਸਪੈਸ਼ਲ ਕੋਰਟ ਦੇ ਜੱਜ ਨੂੰ ਜਿਹੜੀ ਸੁਰੱਖਿਆ ਦਿੱਤੀ ਸੀ ਉਸ ਸੁਰੱਖਿਆ ਦੇ ਇੰਚਾਰਜ ਨੂੰ ਵੀ ਹਾਈ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਰਾਮ ਰਹੀਮ ਦੇ ਕੁਰਬਾਨੀ ਗੈਂਗ ਨੇ ਮੀਡੀਆ ਅਤੇ ਪੁਲਸ ਦੇ 3 ਅਫਸਰਾਂ ਨੂੰ ਧਮਕੀ ਵਾਲੀ ਚਿੱਠੀ ਲਿਖੀ ਸੀ ਕਿ ਕੁਰਬਾਨੀ ਗੈਂਗ ਦੇ 200 ਲੋਕ ਮਰਨ ਲਈ ਤਿਆਰ ਹਨ। ਚਿੱਠੀ 'ਚ ਰਾਮ ਰਹੀਮ ਦੇ ਖਿਲਾਫ ਖੁਲਾਸੇ ਕਰ ਰਹੇ ਗੁਰਦਾਸ ਤੂਰ, ਵਿਸ਼ਵਾਸ ਗੁਪਤਾ, ਖੱਟਾ ਸਿੰਘ, ਹੰਸਰਾਜ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਬਲਾਤਕਾਰੀ ਰਾਮ ਰਹੀਮ ਦੇ ਇਸ ਕੁਰਬਾਨੀ ਗੈਂਗ ਦਾ ਖੁਲਾਸਾ ਉਸਦੇ ਜੇਲ ਜਾਣ ਤੋਂ ਬਾਅਦ ਹੋਇਆ ਸੀ। ਸੂਤਰਾਂ ਅਨੁਸਾਰ ਪੰਚਕੂਲਾ ਹਿੰਸਾ 'ਚ ਵੀ ਇਹ ਲੋਕ ਸ਼ਾਮਲ ਸਨ।