ਤੀਜੀ ਮੰਜ਼ਿਲ ਤੋਂ ਡਿਗੀ ਬੱਚੀ, ਮੌਤ

Monday, Jun 18, 2018 - 06:52 AM (IST)

ਤੀਜੀ ਮੰਜ਼ਿਲ ਤੋਂ ਡਿਗੀ ਬੱਚੀ, ਮੌਤ

ਚੰਡੀਗੜ੍ਹ, (ਸੰਦੀਪ)- ਸੈਕਟਰ-26 ਸਥਿਤ ਬਾਪੂਧਾਮ ਕਾਲੋਨੀ 'ਚ ਪੌਣੇ ਤਿੰਨ ਸਾਲਾ ਬੱਚੀ ਉਰਵਸ਼ੀ ਘਰ ਦੀ ਤੀਜੀ ਮੰਜ਼ਿਲ ਤੋਂ ਖੇਡਦਿਆਂ-ਖੇਡਦਿਆਂ ਬਾਲਕੋਨੀ ਤੋਂ ਡਿਗ ਗਈ। ਉਸਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਪਰਿਵਾਰ ਵਾਲੇ ਉਸਨੂੰ ਸੈਕਟਰ-16 ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸੈਕਟਰ-26 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬੱਚੀ ਦਾ ਪਿਤਾ ਗੁਰਦਾਸ ਪੀ. ਜੀ. ਆਈ. 'ਚ ਕੰਮ ਕਰਦਾ ਹੈ। ਦੁਪਹਿਰ 2 ਵਜੇ ਉਹ ਕੰਮ 'ਤੇ ਜਾਣ ਦੀ ਤਿਆਰੀ ਕਰ ਰਿਹਾ ਸੀ। ਜੁਆਇੰਟ ਫੈਮਿਲੀ ਹੋਣ ਕਾਰਨ ਉਹ ਘਰ ਦੀ ਤੀਜੀ ਮੰਜ਼ਿਲ 'ਤੇ ਰਹਿੰਦਾ ਸੀ। ਉਸਦੀ ਪਤਨੀ ਉਸਨੂੰ ਖਾਣਾ ਦੇਣ ਦੀ ਤਿਆਰੀ ਕਰ ਰਹੀ ਸੀ ਤੇ ਉਰਵਸ਼ੀ ਕਮਰੇ ਦੇ ਪਿਛਲੇ ਪਾਸੇ ਬਣੀ ਬਾਲਕੋਨੀ 'ਚ ਖੇਡ ਰਹੀ ਸੀ। ਉਹ ਬਾਲਕੋਨੀ ਵਿਚ ਲੱਗੀ ਲੋਹੇ ਦੀ ਰੇਲਿੰਗ 'ਤੇ ਲਟਕੀ ਹੋਈ ਸੀ, ਇਸ ਦੌਰਾਨ ਉਹ ਹੇਠਾਂ ਜਾ ਡਿਗੀ।   ਬੱਚੀ ਡਿਗਦਿਆਂ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਪਰਿਵਾਰ ਨਾਲ ਮਿਲ ਕੇ ਉਸਨੂੰ ਹਸਪਤਾਲ ਪਹੁੰਚਾਇਆ। ਗੁਰਦਾਸ ਦੀਆਂ ਤਿੰਨ ਬੇਟੀਆਂ ਹਨ, ਉਰਵਸ਼ੀ ਵਿਚਕਾਰਲੀ ਬੇਟੀ ਸੀ। ਬਾਪੂਧਾਮ ਕਾਲੋਨੀ 'ਚ ਇਸ ਤਰ੍ਹਾਂ ਤੀਜੀ ਮੰਜ਼ਿਲ ਤੋਂ ਡਿਗ ਕੇ ਬੱਚੇ ਦੀ ਮੌਤ ਦਾ ਹਾਲ ਹੀ 'ਚ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਡੇਢ ਸਾਲਾ ਮਾਸੂਮ ਵੀ ਘਰ ਦੀ ਬਾਲਕੋਨੀ 'ਚ ਖੇਡਦੇ-ਖੇਡਦੇ ਹੇਠਾਂ ਡਿਗ ਗਿਆ ਸੀ ਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ ਸੀ। 


Related News