ਰਿਕਾਰਡ ਤੋੜ ਗਰਮੀ ਨੇ ਲੋਕਾਂ ਦੇ ਕੱਢੇ ਪਸੀਨੇ, ਅਗਲੇ ਹਫ਼ਤੇ 47 ਡਿਗਰੀ ਪਹੁੰਚ ਸਕਦੈ ਤਾਪਮਾਨ

05/21/2024 7:00:34 PM

ਚੰਡੀਗੜ੍ਹ (ਸ਼ੀਨਾ) : ਪੰਜਾਬ-ਹਰਿਆਣਾ ਤੇ ਚੰਡੀਗੜ੍ਹ ’ਚ ਲਗਾਤਾਰ ਅੱਤ ਦੀ ਗਰਮੀ ਪੈ ਰਹੀ ਹੈ। ਸੋਮਵਾਰ ਨੂੰ ਚੰਡੀਗੜ੍ਹ ਦਾ ਵਧੋ-ਵੱਧ ਤਾਪਮਾਨ 42.7 ਡਿਗਰੀ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ’ਚ ਪਾਰੇ ’ਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਲੋਕਾਂ ਨੂੰ ਮਾਮੂਲੀ ਰਾਹਤ ਜ਼ਰੂਰ ਮਿਲੀ ਪਰ ਅਜੇ ਵੀ ਪਾਰਾ ਆਮ ਨਾਲੋਂ 3.8 ਡਿਗਰੀ ਵੱਧ ਹੈ। ਉੱਥੇ ਹੀ ਰਾਤ ਦਾ ਪਾਰਾ ਵੀ 28.5 ਡਿਗਰੀ ਪਹੁੰਚ ਗਿਆ ਹੈ। ਇਸ ਕਾਰਨ ਹੁਣ ਲੋਕਾਂ ਨੂੰ ਦਿਨ ਦੇ ਨਾਲ ਰਾਤ ਨੂੰ ਵੀ ਚੈਨ ਨਹੀਂ ਹੈ ਕਿਉਂਕਿ ਘਟੋ-ਘੱਟ ਪਾਰਾ ਆਮ ਨਾਲੋਂ 3.4 ਡਿਗਰੀ ਵੱਧ ਚੱਲ ਰਿਹਾ ਹੈ। ਹੁਣ ਰਿਕਾਰਡ ਡੋੜ ਗਰਮੀ ਪੈਣ ਨਾਲ ਲੋਕਾਂ ਦੇ ਪਸੀਨੇ ਨਿਕਲ ਰਹੇ ਹਨ।

ਮੌਸਮ ਵਿਭਾਗ ਦੇ ਡਾਇਰੈਕਟਰ ਏ.ਕੇ. ਸਿੰਘ ਨੇ ਵਿਸ਼ੇਸ਼ ਗੱਲਬਾਤ ’ਚ ਦੱਸਿਆ ਕਿ ਅਗਲੇ ਹਫ਼ਤੇ ਤੱਕ ਅੱਤ ਦੀ ਗਰਮੀ ਤੋਂ ਰਾਹਤ ਦੀ ਆਸ ਨਹੀਂ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਤੋੜ ਗਰਮੀ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਹ ਗਰਮੀ ਪੈ ਰਹੀ ਹੈ, ਉਸ ਨੂੰ ਦੇਖਦਿਆਂ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ਦੀ 10 ਸਾਲਾਂ ਦੀ ਮਿਹਨਤ ਦੇ ਦਮ ’ਤੇ 400 ਦਾ ਅੰਕੜਾ ਪਾਰ ਕਰੇਗੀ ਭਾਜਪਾ : ਤਰੁਣ ਚੁਘ

ਟਿਪਸ

ਬੱਚਿਆਂ ਨੂੰ ਧੁੱਪ ’ਚ ਖੇਡਣ ਨਾ ਦੇਵੋ, ਪੈ ਸਕਦੈ ਸਿਹਤ ’ਤੇ ਮਾੜਾ ਅਸਰ
ਪੀ. ਜੀ. ਆਈ. ਦੇ ਵਾਤਾਵਰਨ ਵਿਭਾਗ ਦੇ ਪ੍ਰੋ. (ਡਾ). ਰਵਿੰਦਰ ਖਾਏਵਾਲ ਨੇ ਦੱਸਿਆ ਕਿ ਗਰਮੀ ’ਚ ਉਮਰ ਦੇ ਲੋਕਾਂ ਨੂੰ ਜ਼ਰੂਰੀ ਹੈ ਕਿ ਉਹ ਤਾਜ਼ਾ ਭੋਜਨ ਹੀ ਖਾਣ। ਬਾਜ਼ਾਰ ਦੇ ਫਾਸਟ ਫੂਡ ਜਾਂ ਜੰਕ ਫੂਡ ਤੋਂ ਗੁਰੇਜ਼ ਕਰੋਂ। ਬੱਚਿਆਂ ਨੂੰ ਧੁੱਪ ’ਚ ਖੇਡਣ ਨਾ ਦੇਵੋ, ਇਸ ਨਾਲ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ।

► ਕਈ ਕੇਸਾਂ ’ਚ ਸਿਰ ਦਰਦ, ਦਿਲ ਘਬਰਾਉਣਾ, ਉਲਟੀ ਆਉਣਾ, ਸਰੀਰ ਟੁੱਟਣਾ ਜਿਹੇ ਲੱਛਣ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖਾਲੀ ਪੇਟ ਸਕੂਲ ਨਾ ਭੇਜੋ। ਪਾਣੀ ਦੀ ਬੋਤਲ ਅਤੇ ਟਿਫਨ ’ਚ ਫਲ ਰੱਖੋ, ਜਿਸ ਨਾਲ ਊਰਜਾ ਮਿਲਦੀ ਹੈ। ਉਨ੍ਹਾਂ ਨੂੰ ਖੁੱਲੇ ਕੱਪੜੇ ਪਾਉਣ ਚਾਹੀਦੇ ਹਨ।

► ਹੀਟ ਵੇਵ ’ਚ ਸੂਰਜ ਦੀਆਂ ਕਿਰਨਾਂ ਨਾਲ ਸਿਰਫ਼ ਸਰੀਰ ਨੂੰ ਹੀ ਨਹੀਂ, ਅੱਖਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਬੱਚਿਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਤੇ ਧੁੱਪ ਵਾਲੀਆਂ ਐਨਕਾਂ ਲਗਾ ਕੇ ਸਕੂਲ ਭੇਜਣਾ ਲਾਜ਼ਮੀ ਹੈ। ਜਿੱਥੇ ਕੱਪੜੇ ਸਰੀਰ ਦੇ ਸਾਰੇ ਅੰਗਾਂ ਨੂੰ ਢੱਕ ਕੇ ਰੱਖਣ ਨਾਲ ਬੱਚਿਆਂ ਦੀ ਚਮੜੀ ਸੁਰੱਖਿਤ ਰਹੇਗੀ।

► ਲੂ ਸਰੀਰ ਦੀ ਸਾਰੀ ਐਨਰਜੀ ਨੂੰ ਕੱਢ ਦਿੰਦੀ ਹੈ। ਇਸ ਨੂੰ ਪੂਰਾ ਕਰਨ ਲਈ ਲੱਸੀ, ਤਰਬੂਜ਼-ਖਰਬੂਜ਼ਾ, ਨਿੰਬੂ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ : ਜਨਮ ਦੇਣ ਵਾਲੀ ਨੇ ਲਾਵਾਰਸ ਛੱਡੀ ਨਵਜੰਮੀ ਬੱਚੀ, ਨਰਸ ਬਣੀ ‘ਮਾਂ’

ਧੁੱਪ ’ਚ ਖੜੀਆਂ ਗੱਡੀਆਂ ’ਚ ਬਣਦੀ ਹੀਟ ਗੈਸ, ਦਿਲ ਦੇ ਮਰੀਜ਼ਾਂ ਲਈ ਖ਼ਤਰਨਾਕ
ਪ੍ਰੋ. (ਡਾ). ਰਵਿੰਦਰ ਖਾਏਵਾਲ ਨੇ ਦੱਸਿਆ ਕਿ ਧੁੱਪ ’ਚ ਖੜੀਆਂ ਗੱਡੀਆਂ ’ਚ ਹੀਟ ਗੈਸ ਬਣ ਜਾਂਦੀ ਹੈ ਤੇ ਜਦੋਂ ਉਸ ’ਚ ਬੈਠਦੇ ਹਾਂ ਤੇ ਸਾਡਾ ਸਰੀਰ ਗਰਮ-ਸਰਦ ਹੋ ਜਾਂਦਾ ਹੈ। ਇਸ ਨੂੰ ਕੋਲਡ ਬਲਾਸਟ ਵੀ ਕਹਿੰਦੇ ਹਨ, ਜੋ ਸਾਹ ਦੀ ਬਿਮਾਰੀ ’ਚ ਤੇ ਦਿਲ ਦੇ ਮਰੀਜ਼ਾਂ ਲਈ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਪਰਿਵਰਤਨ ਦਾ ਮੁੱਖ ਵੱਡਾ ਕਾਰਨ ਏਸੀ ਦੇ ਕੰਪ੍ਰੇਸ਼ਰ ਤੋਂ ਨਿਕਲਦੀ ਗਰਮ ਹਵਾ ਅਤੇ ਵਾਹਨਾਂ ਦਾ ਪ੍ਰਦੂਸ਼ਣ ਵੀ ਹੈ। ਏ.ਸੀ. ਕਮਰੇ ਨੂੰ ਠੰਡਾ ਕਰਨ ਲਈ ਦੋ ਗੁਣਾ ਤਪਸ਼ ਵਾਤਾਵਰਨ ’ਚ ਸੁੱਟਦਾ ਹੈ ਤੇ ਵਾਹਨਾਂ ਦੇ ਧੂੰਏਂ ’ਚ ਕਾਰਬਨ ਮੋਨੋਆਕਸਾਈਡ ਹੁੰਦੀ ਹੈ, ਜੋ ਚੁੱਭਣ ਵਾਲੀ ਗਰਮੀ ਦਾ ਕਾਰਨ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਆਦਾ ਠੰਡ ਤੇ ਬਹੁਤ ਜ਼ਿਆਦਾ ਗਰਮੀ ਜਲਵਾਯੂ ਪਰਿਵਰਤਨ ਕਾਰਨ ਪੈ ਰਹੀ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ’ਚ ਤਾਪਮਾਨ ਵਿਚ ਹੋਰ ਵਾਧਾ ਹੋ ਸਕਦਾ ਹੈ। ਇਸ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਸਾਵਧਾਨੀ ਵਰਤਦੇ ਹੋਏ ਸਵੇਰੇ 10 ਵਜੇ ਤੋਂ ਪਹਿਲਾਂ ਕੋਈ ਜਰੂਰੀ ਕੰਮ ਹੋਣ ਤੇ ਹੀ ਬਾਹਰ ਜਾਣਾ ਚਾਹੀਦਾ ਹੈ। ਸਵੇਰੇ 11 ਤੋਂ 4 ਵਜੇ ਤੱਕ ਲੂ ਚੱਲਣ ਦਾ ਪੀਕ ਟਾਈਮ ਹੋਣ ਕਰ ਕੇ ਉਸ ਸਮੇਂ ਘਰ ’ਚ ਰਹਿਣਾ ਬਿਹਤਰ ਹੈ। ਜੇਕਰ ਇਸ ਸਮੇਂ ਬਾਹਰ ਜਾਣਾ ਪਵੇ ਤਾਂ ਲਾਈਟ ਕੱਪੜੇ ਪਾਓ, ਸਿਰ ਛਤਰੀ ਨਾਲ ਢੱਕ ਕੇ ਰੱਖੋ ਤੇ ਪਾਣੀ ਦੀ ਬੋਤਲ ਨਾਲ ਰੱਖਣੀ ਲਾਜ਼ਿਮੀ ਹੈ।

ਇਹ ਖ਼ਬਰ ਵੀ ਪੜ੍ਹੋ : Fact Check : ਮਨੋਜ ਤਿਵਾੜੀ ਦੇ ਚਾਰ ਸਾਲ ਪੁਰਾਣੇ ਇੰਟਰਵਿਊ ’ਚੋਂ 35 ਸੈਕਿੰਡ ਦੀ ਐਡਿਟਿਡ ਕਲਿਪ ਕੀਤੀ ਵਾਇਰਲ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News