ਲਗਾਤਾਰ ਦੂਜੇ ਦਿਨ ਡਿੱਗਿਆ ਤਾਪਮਾਨ, 24 ਘੰਟਿਆਂ ’ਚ 13 ਡਿਗਰੀ ਦੀ ਗਿਰਾਵਟ
Wednesday, May 03, 2023 - 02:15 PM (IST)
ਚੰਡੀਗੜ੍ਹ (ਪਾਲ) : ਵੈਸਟਰਨ ਡਿਸਟਰਬੈਂਸ ਕਾਰਨ ਸ਼ਹਿਰ ’ਚ ਮੌਸਮ ਠੰਡਾ ਬਣਿਆ ਹੋਇਆ ਹੈ। ਪਿਛਲੇ 24 ਘੰਟਿਆਂ ’ਚ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ ’ਚ 13 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ। ਮੰਗਲਵਾਰ ਦਿਨ ਦਾ ਵੱਧ ਤੋਂ ਵੱਧ ਪਾਰਾ 24.3 ਡਿਗਰੀ ਰਿਕਾਰਡ ਹੋਇਆ ਹੈ , ਜੋ ਕਿ ਆਮ ਤੋਂ 13.2 ਡਿਗਰੀ ਘੱਟ ਰਿਹਾ। ਇਹ ਤਾਪਮਾਨ ਮੌਸਮ ਵਿਭਾਗ ਦੀ ਮਾਨੀਟਰਿੰਗ ਵਿਚ ਹੁਣ ਤਕ ਮਈ ਦਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਦਾ ਰਿਕਾਰਡ ਬਣ ਗਿਆ ਹੈ। ਉਥੇ ਹੀ ਘੱਟੋ-ਘੱਟ ਤਾਪਮਾਨ 19.0 ਡਿਗਰੀ ਰਿਹਾ, ਜੋ ਆਮ ਤੋਂ 4.3 ਡਿਗਰੀ ਘੱਟ ਰਿਹਾ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਿਕ ਬੁੱਧਵਾਰ ਵੀ ਗਰਜ਼ ਦੇ ਨਾਲ ਮੀਂਹ ਦੇ ਆਸਾਰ ਬਣੇ ਹੋਏ ਹਨ। ਇਸ ਕਾਰਨ ਤਾਪਮਾਨ ਵਿਚ ਥੋੜ੍ਹੀ ਕਮੀ ਵੇਖੀ ਜਾ ਸਕਦੀ ਹੈ। ਹਾਲਾਂਕਿ ਵੀਰਵਾਰ ਤੋਂ ਸ਼ਹਿਰ ਦਾ ਮੌਸਮ ਫਿਰ ਸਾਫ਼ ਹੋਣ ਲੱਗੇਗਾ। ਨਾਲ ਹੀ ਤਾਪਮਾਨ ਵਿਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ। ਅਗਲੇ ਐਤਵਾਰ ਤਕ ਬੱਦਲ ਛਾਏ ਰਹਿਣਗੇ। ਉਥੇ ਹੀ 7 ਮਈ ਨੂੰ ਵੀ ਗਰਜ਼ ਦੇ ਨਾਲ ਮੀਂਹ ਦੇ ਆਸਾਰ ਬਣ ਰਹੇ ਹਨ। ਅਜਿਹੇ ਵਿਚ ਅਗਲੇ 5 ਦਿਨ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਦੇ ਆਸਪਾਸ ਰਹਿ ਸਕਦਾ ਹੈ, ਜੋ ਕਿ ਮਈ ਮਹੀਨੇ ਦੇ ਹਿਸਾਬ ਨਾਲ ਬਹੁਤ ਘੱਟ ਹੈ।
ਅੱਗੇ ਇੰਝ ਰਹੇਗਾ ਮੌਸਮ
ਬੁੱਧਵਾਰ ਅਸਮਾਨ ਵਿਚ ਹਲਕੇ ਬੱਦਲ ਰਹਿਣ ਦੇ ਨਾਲ ਹੀ ਗਰਜ਼ ਦੇ ਨਾਲ ਹਲਕਾ ਮੀਂਹ ਪੈ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਅਤੇ ਘੱਟੋ-ਘੱਟ 17 ਡਿਗਰੀ ਰਹਿ ਸਕਦਾ ਹੈ। ਵੀਰਵਾਰ ਅਸਮਾਨ ਵਿਚ ਹਲਕੇ ਬਦਲ ਰਹਿਣ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਅਤੇ ਘੱਟੋ-ਘੱਟ 17 ਡਿਗਰੀ ਰਹਿ ਸਕਦਾ ਹੈ। ਸ਼ੁੱਕਰਵਾਰ ਅਸਮਾਨ ਵਿਚ ਹਲਕੇ ਬੱਦਲ ਰਹਿਣ ਦੇ ਆਸਾਰ ਹਨ। ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਅਤੇ ਘੱਟੋ-ਘੱਟ 18 ਡਿਗਰੀ ਰਹਿ ਸਕਦਾ ਹੈ।
24 ਘੰਟਿਆਂ ’ਚ ਸ਼ਹਿਰ ’ਚ 11.4 ਐੱਮ. ਐੱਮ. ਮੀਂਹ
ਪਿਛਲੇ 24 ਘੰਟਿਆਂ ਵਿਚ ਸ਼ਹਿਰ ਵਿਚ 11.4 ਐੱਮ. ਐੱਮ. ਮੀਂਹ ਦਰਜ ਹੋਇਆ ਹੈ, ਜਦੋਂ ਕਿ ਮੰਗਲਵਾਰ ਸਵੇਰੇ 8.30 ਤੋਂ ਸ਼ਾਮ 5.30 ਵਜੇ ਤਕ 1.8 ਐੱਮ. ਐੱਮ. ਮੀਂਹ ਰਿਕਾਰਡ ਹੋਇਆ। ਸੀਜ਼ਨਲ ਮੀਂਹ 1 ਮਾਰਚ ਤੋਂ ਹੁਣ ਤਕ 105.8 ਐੱਮ. ਐੱਮ. ਦਰਜ ਹੋਇਆ ਹੈ।
13 ਸਾਲਾਂ ’ਚ ਮਈ ਮਹੀਨੇ ਦਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ
2011 | 33.1 ਡਿਗਰੀ |
2012 | 32.6 ਡਿਗਰੀ |
2013 | 27.6 ਡਿਗਰੀ |
2014 | 30.1 ਡਿਗਰੀ |
2015 | 32.4 ਡਿਗਰੀ |
2016 | 32.5 ਡਿਗਰੀ |
2017 | 34.0 ਡਿਗਰੀ |
2018 | 31.7 ਡਿਗਰੀ |
2019 | 34.2 ਡਿਗਰੀ |
2020 | 29.7 ਡਿਗਰੀ |
2021 | 27.4 ਡਿਗਰੀ |
2022 | 29.6 ਡਿਗਰੀ |
2023 | 24.3 ਡਿਗਰੀ |