ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਗੇਟ ਰੈਲੀ ਕਰ ਕੇ ਕੀਤੀ ਨਾਅਰੇਬਾਜ਼ੀ

Tuesday, Apr 17, 2018 - 01:52 AM (IST)

ਬਾਘਾਪੁਰਾਣਾ,   (ਚਟਾਨੀ, ਰਾਕੇਸ਼, ਮੁਨੀਸ਼)-  ਸ਼ਹਿਰ ਦੀ ਸਬ-ਡਵੀਜ਼ਨ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਸਿਟੀ ਪ੍ਰਧਾਨ ਮੰਦਰ ਸਿੰਘ ਦੀ ਅਗਵਾਈ 'ਚ ਬਿਜਲੀ ਬੋਰਡ ਟੁੱਟਣ 'ਤੇ ਕਾਲਾ ਦਿਵਸ ਮਨਾਉਂਦਿਆਂ ਗੇਟ ਰੈਲੀ ਕਰ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਸਕੱਤਰ ਬਾਘਾਪੁਰਾਣਾ, ਕਮਲੇਸ਼ ਕੁਮਾਰ ਡਵੀਜ਼ਨ ਪ੍ਰਧਾਨ ਬਾਘਾਪੁਰਾਣਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ 16 ਅਪ੍ਰੈਲ, 2010 'ਚ ਬਿਜਲੀ ਬੋਰਡ ਤੋੜ ਕੇ ਇਸ ਨੂੰ ਦੋ ਕੰਪਨੀਆਂ 'ਚ ਵੰੰਡ ਦਿੱਤਾ ਗਿਆ ਸੀ ਪਾਵਰਕਾਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ, ਇਸ ਨਾਲ ਜਿਥੇ ਬਿਜਲੀ ਮਹਿੰਗੀ ਹੋਈ, ਉਥੇ ਹੀ ਬੋਰਡ ਤੋੜਣ ਨਾਲ ਭਰਤੀ 'ਤੇ ਲਗਾਤਾਰ ਪਾਬੰਦੀ ਲੱਗੀ ਹੋਣ ਕਰ ਕੇ ਸਾਰੇ ਕੰਮ ਮਹਿਕਮੇ ਤੋਂ ਕਰਵਾਉਣ ਦੀ ਬਜਾਏ ਠੇਕੇਦਾਰਾਂ ਤੋਂ ਕਰਵਾਏ ਜਾ ਰਹੇ ਹਨ, ਇੱਥੇ ਹੀ ਬਸ ਨਹੀਂ ਨਿੱਜੀਕਰਨ ਦੀ ਪਾਲਿਸੀ ਨੂੰ ਲਾਗੂ ਕਰਨ ਲਈ ਪਟਿਆਲਾ ਸਰਕਲ ਦੇ ਆਗੂਆਂ ਨੂੰ ਡਿਸਮਿਸ ਕੀਤਾ ਹੋਇਆ ਹੈ। ਸਸਤੀ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਬਠਿੰਡਾ ਅਤੇ ਸੋਲਰ ਪਲਾਂਟ ਤੋਂ 18 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦੀ ਜਾ ਰਹੀ ਹੈ, ਜਿਸ ਨਾਲ ਆਮ ਖਪਤਕਾਰਾਂ ਤੇ ਬਿਜਲੀ ਕਾਮਿਆਂ 'ਤੇ ਬੋਝ ਵੱਧ ਗਿਆ ਹੈ। 
ਇਸ ਮੌਕੇ ਹਾਜ਼ਰ ਆਗੂਆਂ ਨੇ ਮੰਗ ਕੀਤੀ ਕਿ ਡਿਸਮਿਸ ਆਗੂ ਬਹਾਲ ਕੀਤੇ ਜਾਣ, ਨਿੱਜੀਕਰਨ ਦੀ ਪਾਲਿਸੀ ਰੱਦੀ ਕੀਤੀ ਜਾਵੇ, ਬਿਜਲੀ ਐਕਟ 2003 ਰੱਦ ਕੀਤਾ ਜਾਵੇ, ਆਊਟ ਸੋਰਸਿੰਗ ਦੀ ਨੀਤੀ ਬੰਦ ਕੀਤੀ ਜਾਵੇ, ਨਵੀਂ ਅਤੇ ਰੈਗੂਲਰ ਭਰਤੀ ਸ਼ੁਰੂ ਕੀਤੀ ਜਾਵੇ। ਇਸ ਮੌਕੇ ਵੱਡੀ ਗਿਣਤੀ 'ਚ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਹਾਜ਼ਰ ਸਨ।


Related News