ਸਿਹਤ ਵਿਭਾਗ ਦੀ ਟੀਮ ਵੱਲੋਂ ਬੀਕਾਨੇਰ ਸਵੀਟਸ ਦੀ ਫੈਕਟਰੀ ’ਤੇ ਛਾਪਾ
Saturday, Aug 25, 2018 - 12:39 AM (IST)

ਅੰਮ੍ਰਿਤਸਰ, (ਦਲਜੀਤ)- ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਤਿਉਹਾਰਾਂ ਮੌਕੇ ਜ਼ਿਲਾ ਵਾਸੀਆਂ ਨੂੰ ਸਾਫ-ਸੁਥਰੇ ਖਾਣ ਵਾਲੇ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੀਤੀਆਂ ਗਈਆਂ ਤਿਆਰੀਆਂ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਨੇ ਜ਼ਿਲਾ ਸਿਹਤ ਅਧਿਕਾਰੀ ਲਖਬੀਰ ਸਿੰਘ ਭਾਗੋਵਾਲੀਆ ਦੀ ਅਗਵਾਈ ’ਚ ਸ਼ਹਿਰ ਦੇ ਮਸ਼ਹੂਰ ਮਠਿਆਈ ਵਿਕਰੇਤਾ ਬੀਕਾਨੇਰ ਸਵੀਟਸ ਜੋ ਕਿ ਕਚਹਿਰੀ ਚੌਕ, ਹਵਾਈ ਅੱਡਾ ਰੋਡ ਤੇ ਗੁਰੁੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਠਿਆਈ ਦਾ ਕਾਰੋਬਾਰ ਚਲਾ ਰਹੇ ਹਨ, ਦੀ ਮਠਿਆਈ ਬਣਾਉਣ ਦੀ ਫੈਕਟਰੀ ਜੋ ਕਿ ਮਾਹਲ ਪਿੰਡ ’ਚ ਸਥਿਤ ਹੈ, ’ਤੇ ਛਾਪਾ ਮਾਰਿਆ। ਇਸ ਦੌਰਾਨ ਟੀਮ ਨੇ ਕਈ ਖਾਮੀਆਂ ਜੋ ਕਿ ਫੂਡ ਸੇਫਟੀ ਤੇ ਸਟੈਂਡਰਡ ਐਕਟ ਦੀ ਸਿੱਧੀ ਉਲੰਘਣਾ ਕਰਦੀਆਂ ਹਨ, ਫਡ਼ੀਆਂ।
ਸ. ਭਾਗੋਵਾਲੀਆ ਨੇ ਦੱਸਿਆ ਕਿ ਇਥੋਂ ਅਸੀਂ ਖੋਆ, ਖੋਆ ਬਰਫੀ, ਦੁੱਧ, ਮਿਲਕ ਕੇਕ, ਪਿੰਨੀ, ਚਾਕਲੇਟ ਬਰਫੀ ਆਦਿ ਦੇ 6 ਨਮੂਨੇ ਲੈ ਕੇ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ ਘਟੀਆ ਮਿਆਰ ਦਾ 150 ਕਿਲੋ ਦੁੱਧ ਤੇ 100 ਕਿਲੋ ਖੋਆ ਨਸ਼ਟ ਕੀਤਾ। ਇਸੇ ਦੌਰਾਨ ਟੀਮ ਨੇ ਜ਼ਿਲੇ ’ਚ ਖੋਏ ਦੀ ਸਪਲਾਈ ਲਈ ਜਾਣੇ ਜਾਂਦੇ ਕਾਕੇ ਸ਼ਾਹ ਖੋਏ ਵਾਲੇ ਦੇ ਰਾਣੀ ਕਾ ਬਾਗ ਘਰ ਤੋਂ 250 ਕਿਲੋ ਖੋਆ ਬਰਾਮਦ ਕੀਤਾ ਪਰ ਦੁੱਧ ਦੀ ਇਕ ਬੂੰਦ ਵੀ ਨਾ ਮਿਲਣ ਕਾਰਨ ਸਾਰਾ ਮਾਮਲਾ ਸ਼ੱਕੀ ਬਣ ਗਿਆ। ਇਥੋਂ ਟੀਮ ਨੇ 170 ਕਿਲੋਗ੍ਰਾਮ ਸਕਿਮਡ ਮਿਲਕ ਪਾਊਡਰ, 60 ਕਿਲੋ ਵਨਸਪਤੀ ਘਿਉ ਤੇ 45 ਕਿਲੋ ਦੇਸੀ ਘਿਉ ਕਬਜ਼ੇ ਵਿਚ ਲਿਆ। ਸਫਾਈ ਪੱਖੋਂ ਇਥੇ ਹਾਲਾਤ ਬਹੁਤ ਬਦਤਰ ਮਿਲੇ, ਜੋ ਕਿ ਫੂਡ ਸੇਫਟੀ ’ਤੇ ਕਿਸੇ ਵੀ ਤਰ੍ਹਾਂ ਖਰੇ ਨਹੀਂ ਉਤਰਦੇ। ਉਕਤ ਦੋਵੇਂ ਸਥਾਨਾਂ ਨੂੰ ਟੀਮ ਨੇ ਆਰਜ਼ੀ ਤੌਰ ’ਤੇ ਸੀਲ ਕਰ ਦਿੱਤਾ ਹੈ ਅਤੇ ਬੀਕਾਨੇਰ ਸਵੀਟਸ ਦਾ ਲਾਇਸੈਂਸ 2 ਹਫਤਿਆਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਫੂਡ ਸੇਫਟੀ ਐਕਟ ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਹਨ।