ਸੜਕਾਂ ''ਤੇ ਉਤਰੇ ਅਧਿਆਪਕ, ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Monday, Mar 12, 2018 - 03:56 AM (IST)
ਬਠਿੰਡਾ, (ਪਰਮਿੰਦਰ)- ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਦੇ ਰੈਗੂਲਰ ਅਧਿਆਪਕਾਂ ਨੂੰ ਦੋਬਾਰਾ ਰੈਗੂਲਰ ਕਰਨ ਦੀ ਪਾਲਿਸੀ ਦੇ ਖਿਲਾਫ ਹਜ਼ਾਰਾਂ ਅਧਿਆਪਕ ਸੜਕਾਂ 'ਤੇ ਉਤਰ ਆਏ। ਅਧਿਆਪਕਾਂ ਨੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਜਦਕਿ ਵਿੱਤ ਮੰਤਰੀ ਦੇ ਦਫਤਰ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਗੁੱਸਾ ਕੱਢਿਆ। ਇਸ ਮੌਕੇ ਅਧਿਆਪਕ ਨੇਤਾਵਾਂ ਹਰਜੀਤ ਸਿੰਘ ਜੀਦਾ, ਏਕਓਂਕਾਰ ਸਿੰਘ, ਸਰਬਜੀਤ ਸਿੰਘ, ਅਪਰਅਪਾਰ ਸਿੰਘ ਅਤੇ ਹੋਰ ਅਧਿਆਪਕਾਂ ਨੇ ਦੱਸਿਆ ਕਿ ਪਿਕਟਸ, ਰਮਸਾ, ਐੱਸ. ਐੱਸ. ਏ., ਆਦਰਸ਼ ਸਕੂਲ, ਆਈ. ਈ. ਆਰ. ਈ., ਐੱਸ. ਡੀ. ਐੱਮ. ਆਦਿ ਯੋਜਨਾਵਾਂ ਦੇ ਤਹਿਤ ਅਧਿਆਪਕ ਪਿਛਲੇ 10-12 ਸਾਲਾਂ ਤੋਂ ਸੇਵਾਵਾਂ ਦੇ ਰਹੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਸੀ ਪਰ ਹੁਣ ਸਰਕਾਰ ਨੇ ਫਰਮਾਨ ਜਾਰੀ ਕਰ ਕੇ ਕੰਪਿਊਟਰ ਤੇ ਹੋਰ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ 3 ਸਾਲਾਂ ਲਈ 10300 ਰੁਪਏ ਤਨਖਾਹ 'ਤੇ ਕੰਮ ਕਰਨਾ ਪਵੇਗਾ ਅਤੇ ਇਸ ਦੇ ਬਾਅਦ ਉਨ੍ਹਾਂ ਨੂੰ ਦੋਬਾਰਾ ਰੈਗੂਲਰ ਕੀਤਾ ਜਾਵੇਗਾ।
ਇਸ ਤਰ੍ਹਾਂ ਐੱਸ. ਐੱਸ. ਏ. ਰਮਸਾ ਦੇ ਅਧਿਆਪਕ ਜੋ ਹੁਣ 42000 ਰੁਪਏ ਤਨਖਾਹ ਲੈ ਰਹੇ ਹਨ, ਉਨ੍ਹਾਂ ਨੂੰ ਵੀ ਸਰਕਾਰ ਧੱਕੇਸ਼ਾਹੀ ਨਾਲ 10300 ਰੁਪਏ ਤਨਖਾਹ ਦੇਣ ਦੀਆਂ ਤਿਆਰੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਨਾ ਸਿਰਫ ਨਿਯਮਾਂ ਦਾ ਉਲੰਘਣ ਹੈ ਬਲਕਿ ਅਧਿਆਪਕਾਂ ਦੇ ਨਾਲ ਧੱਕੇਸ਼ਾਹੀ ਹੈ। ਇਸ ਮੁਲਾਜ਼ਮ ਵਿਰੋਧੀ ਫੈਸਲਿਆਂ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਇਸ ਫੈਸਲੇ ਨੂੰ ਨਾ ਬਦਲਿਆ ਤਾਂ ਪੰਜਾਬ ਭਰ ਦੇ ਅਧਿਆਪਕ ਸੜਕਾਂ 'ਤੇ ਉਤਰ ਕੇ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਲੜਨ ਨੂੰ ਮਜਬੂਰ ਹੋ ਜਾਣਗੇ।
