ਔਰਤ ਦੇ ਕਤਲ ਦਾ ਮਾਮਲਾ ਸੁਲਝਿਆ, ਭਰਾ ਹੀ ਨਿਕਲਿਆ ਕਾਤਲ, ਸਿਰ ''ਤੇ ਡੰਡੇ ਮਾਰ-ਮਾਰ ਦਿੱਤੀ ਬੇਰਹਿਮ ਮੌਤ
Wednesday, Jul 31, 2024 - 06:22 PM (IST)
ਜਲੰਧਰ (ਸੁਧੀਰ)- ਕਮਿਸ਼ਨਰੇਟ ਪੁਲਸ ਨੇ ਔਰਤ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਉਸ ਦੇ ਮਤਰੇਏ ਭਰਾ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸੋਨੂੰ ਉਰਫ਼ ਰੀਨਾ ਨਿਵਾਸੀ ਆਬਾਦਪੁਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦੀ ਭੈਣ ਨੀਤੂ ਦਾ ਵਿਆਹ ਗੁਰਚਰਨ ਸਿੰਘ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਨੀਤੂ ਅਤੇ ਗੁਰਚਰਨ ਪਿਛਲੇ ਲਗਭਗ 12-13 ਸਾਲਾਂ ਤੋਂ ਐੱਫ਼. ਸੀ. ਆਈ. ਕਾਲੋਨੀ ਵਿਚ ਗੁਰਦੀਪ ਸਿੰਘ (ਫ਼ੌਜ ਤੋਂ ਰਿਟਾਇਰਡ) ਨਾਂ ਦੇ ਵਿਅਕਤੀ ਦੇ ਘਰ ਕਿਰਾਏ ’ਤੇ ਰਹਿੰਦੇ ਸਨ। ਪੀੜਤ ਧਿਰ ਦੇ ਮੁਤਾਬਕ ਲਗਭਗ 3 ਸਾਲ ਪਹਿਲਾਂ ਗੁਰਚਰਨ ਸਿੰਘ ਉਰਫ਼ ਮਿੰਟਾ ਨੀਤੂ ਨੂੰ ਇਕੱਲੀ ਛੱਡ ਕੇ ਆਪਣੇ ਪਿੰਡ ਭਵਾਨੀਪੁਰ (ਕਪੂਰਥਲਾ) ਚਲਾ ਗਿਆ।
ਸੀ. ਪੀ. ਨੇ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲੱਗਾ ਕਿ ਨੀਤੂ ਦਾ ਇਕ ਮਤਰੇਆ ਭਰਾ ਵਿਨੇ ਉਰਫ਼ ਗੱਗੀ ਨਿਵਾਸੀ ਮੇਨ ਬਾਜ਼ਾਰ ਬਸਤੀ ਗੁਜ਼ਾਂ ਜਲੰਧਰ ਸੀ। ਵਿਨੇ ਕਈ ਵਾਰ ਨੀਤੂ ਨੂੰ ਮਿਲਣ ਲਈ ਉਸ ਦੇ ਘਰ ਆਉਂਦਾ-ਜਾਂਦਾ ਸੀ। ਉਨ੍ਹਾਂ ਦੱਸਿਆ ਕਿ 23 ਜੁਲਾਈ ਨੂੰ ਸਵੇਰੇ 10 ਵਜੇ ਨੀਤੂ ਦੀ ਭੈਣ ਨੂੰ ਗੁਰਦੀਪ ਸਿੰਘ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਨੀਤੂ ਨਾਲ ਉਸ ਦੇ ਮਤਰੇਏ ਭਰਾ ਵਿਨੇ ਉਰਫ਼ ਗੱਗੀ ਨੇ ਕੁੱਟਮਾਰ ਕੀਤੀ ਹੈ, ਜਿਸ ਤੋਂ ਬਾਅਦ ਉਹ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਇਆ ਹੈ।
ਇਹ ਵੀ ਪੜ੍ਹੋ- ਅਕਾਲੀ ਦਲ ਦੇ ਬਾਗੀ ਧੜੇ ਦੀ ਹੋਈ ਮੀਟਿੰਗ, ਗੁਰਪ੍ਰਤਾਪ ਵਡਾਲਾ ਬੋਲੇ, ਪਾਰਟੀ 'ਚ ਹਾਵੀ ਨਹੀਂ ਹੋਵੇਗਾ ਪਰਿਵਾਰਵਾਦ
ਉਸ ਨੇ ਦੱਸਿਆ ਕਿ ਵਿਨੇ ਉਰਫ਼ ਗੱਗੀ ਨੇ ਉਸ ਦੀ ਭੈਣ ਦੇ ਸਿਰ ’ਤੇ ਲੱਕੜ ਦੇ ਡੰਡੇ ਨਾਲ ਵਾਰ ਕੀਤਾ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਦੀ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਨੀਤੂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਵਿਨੇ ਨੇ ਉਸ ਦੀ ਪਿੱਠ ’ਤੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਵਿਨੇ ਮੌਕੇ ਤੋਂ ਫ਼ਰਾਰ ਹੋ ਗਿਆ। ਇਲਾਜ ਦੌਰਾਨ ਨੀਤੂ ਦੀ ਹਸਪਤਾਲ ਵਿਚ ਮੌਤ ਹੋ ਗਈ। ਪੁਲਸ ਨੇ 25 ਜੁਲਾਈ ਨੂੰ ਥਾਣਾ ਨੰਬਰ 6 ਵਿਚ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਵਿਨੇ ਉਰਫ਼ ਗੱਗੀ ਨੂੰ ਜਲੰਧਰ ਬੱਸ ਸਟੈਂਡ ਨੇੜਿਓਂ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ। ਕਾਬੂ ਮੁਲਜ਼ਮ ਕੋਲੋਂ ਵਾਰਦਾਤ ਵਿਚ ਵਰਤਿਆ ਲੱਕੜੀ ਦਾ ਡੰਡਾ ਵੀ ਬਰਾਮਦ ਕਰ ਲਿਆ ਹੈ। ਫਿਲਹਾਲ ਪੁਲਸ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਅਸ਼ਲੀਲ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।