ਲੋਕਾਂ ਦੇ ਤਾਂ ਪੁੱਤ ਨਿੱਤ ਵਤਨਾਂ ਨੂੰ ਆਉਂਦੇ ਤੇਰਾ ਉੱਡਦਾ ਨਾ ਚੰਦਰਾ ਜਹਾਜ਼ ਵੇ, ਲੀਬੀਆ ''ਚ ਫਸੇ ਪੰਜਾਬੀ ਨੌਜਵਾਨ

Tuesday, Aug 02, 2016 - 03:47 PM (IST)

ਚੰਡੀਗੜ੍ਹ— ਲੀਬੀਆ ''ਚ ਫਸੇ ਪੰਜਾਬ ਦੇ ਤਿੰਨ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਨੂੰ ਗੁਹਾਰ ਲਗਾਉਂਦਿਆਂ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਇਹ ਨੌਜਵਾਨ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਹਨ। ਅੱਜ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਥੇ ਪ੍ਰੈੱਸ ਕਾਨਫਰੰਸ ਕਰ ਕੇ ਸਾਰੀ ਕਹਾਣੀ ਬਿਆਨ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਦੇ ਪਿੰਡ ਲਤਾਲਾ ਦੇ ਸਰਬਜੀਤ ਸਿੰਘ, ਬੋਵਾਣੀ ਦੇ ਟੀਟੂ ਬਾਂਸਲ ਅਤੇ ਘਲੋਟੀ ਦੇ ਮਲਕੀਤ ਸਿੰਘ ਅਪ੍ਰੈਲ 2016 ''ਚ ਟ੍ਰੈਵਲ ਏਜੰਟਾਂ ਰਾਹੀਂ ਲੀਬੀਆ ਗਏ ਸਨ ਅਤੇ ਉਥੇ ਅਲਬਰਾਜ ਨਾਂ ਦੀ ਤੇਲ ਕੰਪਨੀ ''ਚ ਨੌਕਰੀ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਹੀ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੰਦੇਸ਼ ਆਉਣੇ ਸ਼ੁਰੂ ਹੋ ਗਏ ਕਿ ਉਨ੍ਹਾਂ ਨੂੰ ਕੰਪਨੀ ਵਲੋਂ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਅਤੇ ਬੰਧਕ ਬਣਾ ਕੇ ਜਬਰੀ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਪੂਰਾ ਖਾਣਾ ਵੀ ਨਹੀਂ ਮਿਲਦਾ। ਇਥੋਂ ਤਕ ਕਿ ਉਨ੍ਹਾਂ ਨੂੰ ਬੀਮਾਰ ਹੋਣ ''ਤੇ ਲੋੜੀਂਦੀ ਮੈਡੀਕਲ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ। 

ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ''ਚ ਆਇਆ ਤਾਂ ਉਨ੍ਹਾਂ ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਸ਼ੁਰੂ ਕੀਤੇ ਅਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਵੀ ਧਿਆਨ ''ਚ ਮਾਮਲਾ ਲਿਆਂਦਾ। ਇਸ ਤੋਂ ਬਾਅਦ ਸੁਸ਼ਮਾ ਸਵਰਾਜ ਵਲੋਂ ਵੀ ਇਸ ਮਾਮਲੇ ''ਚ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਇਸ ਮਾਮਲੇ ਨੂੰ ਲੈ ਕੇ ਸੰਬੰਧਤ ਦੂਤਘਰ ਅਧਿਕਾਰੀਆਂ ਤਕ ਵੀ ਪਹੁੰਚ ਕੀਤੀ ਗਈ ਹੈ। ਸੰਗਠਨ ਵਲੋਂ ਕੇਂਦਰ ਸਰਕਾਰ ਨੂੰ ਪੇਸ਼ਕਸ਼ ਕੀਤੀ ਗਈ ਕਿ ਜੇ ਉਹ ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਦਾ ਪ੍ਰਬੰਧ ਕਰਵਾਉਂਦੀ ਹੈ ਤਾਂ ਉਹ ਟਿਕਟ ਦੇ ਪੈਸਿਆਂ ਦਾ ਖੁਦ ਪ੍ਰਬੰਧ ਕਰਨ ਲਈ ਤਿਆਰ ਹਨ। 

ਪ੍ਰੈਸ ਕਾਨਫਰੰਸ ''ਚ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ''ਚੋਂ ਸਰਬਜੀਤ ਸਿੰਘ ਤੇ ਮਲਕੀਤ ਸਿੰਘ ਦੀਆਂ ਪਤਨੀਆਂ ਮਨਪ੍ਰੀਤ ਕੌਰ ਤੇ ਕੁਲਦੀਪ ਕੌਰ ਅਤੇ ਟੀਟੂ ਬਾਂਸਲ ਦਾ ਬੇਟਾ ਮੌਜੂਦ ਸੀ। ਇਨ੍ਹਾਂ ਨੇ ਆਪਣੇ ਘਰਾਂ ਦੀ ਆਰਥਿਕ ਹਾਲਤ ਦਾ ਖੁਲਾਸਾ ਕਰਦਿਆਂ ਕਿਹਾ ਕਿ ਘਰਾਂ ''ਚ ਛੋਟੇ-ਛੋਟੇ ਬੱਚੇ ਹਨ ਅਤੇ ਪਰਿਵਾਰਾਂ ਦਾ ਗੁਜ਼ਾਰਾ ਹੀ ਲੀਬੀਆ ''ਚ ਫਸੇ ਨੌਜਵਾਨਾਂ ''ਤੇ ਨਿਰਭਰ ਹੈ।


Related News