ਪੁੱਤ ਨੂੰ ਸ਼ਰਾਬ ਪੀਣ ਤੋਂ ਰੋਕਣਾ ਪਿਆ ਮਹਿੰਗਾ, ਪਿਓ ਨੂੰ ਉਤਾਰਿਆ ਮੌਤ ਦੇ ਘਾਟ

Saturday, Nov 12, 2022 - 09:32 PM (IST)

ਪੁੱਤ ਨੂੰ ਸ਼ਰਾਬ ਪੀਣ ਤੋਂ ਰੋਕਣਾ ਪਿਆ ਮਹਿੰਗਾ, ਪਿਓ ਨੂੰ ਉਤਾਰਿਆ ਮੌਤ ਦੇ ਘਾਟ

ਲੁਧਿਆਣਾ (ਰਾਜ) : ਹੰਬੜਾਂ ਦੀ ਗਰੇਵਾਲ ਕਾਲੋਨੀ 'ਚ ਰਹਿਣ ਵਾਲੇ ਇਕ ਕਲਯੁੱਗੀ ਪੁੱਤ ਨੇ ਸ਼ਰਾਬ ਦੇ ਨਸ਼ੇ ਵਿਚ ਇੱਟ-ਪੱਥਰ ਮਾਰ ਕੇ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਲਾਡੋਵਾਲ ਅਤੇ ਚੌਕੀ ਹੰਬੜਾਂ ਦੀ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਮ੍ਰਿਤਕ ਦੀ ਪਛਾਣ ਵੀਰੰਜਨ ਚੌਹਾਨ (55) ਵਜੋਂ ਹੋਈ ਹੈ। ਪੁਲਸ ਨੇ ਮਾਮਲੇ ਵਿਚ ਮ੍ਰਿਤਕ ਦੇ ਪੁੱਤ ਰਮਾਕਾਂਤ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਚੌਕੀ ਹੰਬੜਾਂ ਦੀ ਇੰਚਾਰਜ ਸਬ-ਇੰਸ. ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇੱਥੇ ਗਰੇਵਾਲ ਕਾਲੋਨੀ 'ਚ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਵੀਰੰਜਨ ਚੌਹਾਨ ਮਜ਼ਦੂਰੀ ਕਰਦਾ ਸੀ ਅਤੇ ਪੁੱਤ ਨਾਲ ਰਹਿੰਦਾ ਸੀ ਅਤੇ ਪੁੱਤ ਸ਼ਰਾਬ ਪੀਣ ਦਾ ਆਦੀ ਸੀ ਅਤੇ ਕਲੇਸ਼ ਰੱਖਦਾ ਸੀ, ਜਿਸ ’ਤੇ ਪਿਓ ਨੇ ਉਸ ਨੂੰ ਸ਼ਰਾਬ ਪੀਣ ਤੋਂ ਰੋਕਿਆ ਸੀ ਅਤੇ ਸਮਝਾਉਣ ਦਾ ਯਤਨ ਕੀਤਾ ਸੀ ਕਿ ਸ਼ਰਾਬ ਨਾ ਪੀਵੇ। ਪਰਿਵਾਰ ਦਾ ਸਾਰਾ ਖਰਚ ਵੀ ਉਸਦੇ ਸਿਰ ’ਤੇ ਹੈ। ਇਸੇ ਗੱਲ ਨੂੰ ਲੈ ਕੇ ਪਿਓ-ਪੁੱਤ 'ਚ ਕਲੇਸ਼ ਹੋ ਗਿਆ। ਗੁੱਸੇ 'ਚ ਆਏ ਰਮਾਕਾਂਤ ਨੇ ਉਥੇ ਪਏ ਪੱਥਰ ਨਾਲ ਪਿਤਾ ਦੇ ਸਿਰ ’ਤੇ ਹਮਲਾ ਕੀਤਾ। ਕਿਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਨੇ ਛੁਡਾਇਆ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਜ਼ਖਮੀ ਵੀਰੰਜਨ ਨੂੰ ਇਲਾਜ ਲਈ ਨਿਜੀ ਹਸਪਤਾਲ ਪਹੁੰਚਾਇਆ ਪਰ ਉਸਦੀ ਇਲਾਜ ਦੌਰਾਨ ਮੌਤ ਹੋ ਗਈ।


author

Mandeep Singh

Content Editor

Related News