ਮਲੋਟ 'ਚ ਵੱਡੀ ਵਾਰਦਾਤ, ਦੁਬਈ ਤੋਂ ਪਰਤੇ ਜਵਾਈ ਨੇ ਸਹੁਰੇ ਤੇ ਸਾਲੇ ਦਾ ਕੀਤਾ ਕਿਰਚ ਮਾਰ ਕੇ ਕਤਲ
Friday, Jan 20, 2023 - 06:17 PM (IST)
ਮਲੋਟ (ਸ਼ਾਮ ਜੁਨੇਜਾ) : ਮਲੋਟ ਉਪ ਮੰਡਲ ਦੇ ਪਿੰਡ ਪੰਨੀਵਾਲਾ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਦੁਬਈ ਤੋਂ ਵਾਪਸ ਮੁੜੇ ਇਕ ਵਿਅਕਤੀ ਨੇ ਸਹੁਰੇ ਘਰ ਪੁੱਜ ਕੇ ਸਹੁਰੇ ਅਤੇ ਸਾਲੇ ਦੀ ਕਤਲ ਕਰ ਦਿੱਤੀ ਅਤੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ। ਕਬਰਵਾਲਾ ਪੁਲਸ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪ੍ਰੇਮ ਸਿੰਘ ਪੁੱਤਰ ਸ਼ਬੇਗ ਸਿੰਘ ਵਾਸੀ ਪੰਨੀਵਾਲਾ ਨੇ ਦੱਸਿਆ ਕਿ ਉਹ ਆਪਣੇ ਦੋ ਭਰਾਵਾਂ ਤਰਸੇਮ ਸਿੰਘ ਅਤੇ ਗੁਰਪਾਲ ਸਿੰਘ ਨਾਲ ਇਕ ਘਰ ਇਕੱਠੇ ਰਹਿੰਦੇ ਹਨ। ਤਰਸੇਮ ਸਿੰਘ ਦੀ ਕੁੜੀ ਰਮਨਦੀਪ ਕੌਰ ਦੀ ਵਿਆਹ 2 ਸਾਲ ਪਹਿਲਾਂ ਬਲਜਿੰਦਰ ਸਿੰਘ ਵਿੱਕੀ ਪੁੱਤਰ ਜਗਰੂਪ ਸਿੰਘ ਵਾਸੀ ਗੁਰੂਸਰ ਮੋਡੀਆ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਆਪਣੀ ਪਤਨੀ ਰਮਨਦੀਪ ਕੌਰ ਨੂੰ ਗਰਭਵਤੀ ਹਾਲਤ ਵਿਚ ਛੱਡ ਕੇ ਡੇਢ ਸਾਲ ਪਹਿਲਾਂ ਬਲਜਿੰਦਰ ਸਿੰਘ ਦੁਬਈ ਚਲਾ ਗਿਆ।
ਇਹ ਵੀ ਪੜ੍ਹੋ- ਪਟਿਆਲਾ ਸ਼ਹਿਰ ਦੀ ਖ਼ੂਬਸੂਰਤੀ ਨੂੰ ਲੱਗਣਗੇ ਚਾਰ ਚੰਨ, CM ਮਾਨ ਨੇ ਕੀਤੇ ਵੱਡੇ ਐਲਾਨ
ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੇ ਰਮਨਦੀਪ ਕੌਰ ਵਾਪਸ ਪੇਕੇ ਪੰਨੀਵਾਲਾ ਫੱਤਾ ਆ ਗਈ, ਜਿੱਥੇ ਉਸਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਇਸ ਦੌਰਾਨ ਉਸਦੇ ਦੋਸ਼ੀ ਜਵਾਈ ਦੀ ਫੋਨ 'ਤੇ ਆਪਣੀ ਪਤਨੀ ਤੇ ਸਹੁਰੇ ਪਰਿਵਾਰ ਨਾਲ ਤਕਰਾਰ ਚੱਲਦੀ ਰਹਿੰਦੀ ਸੀ। ਅੱਜ ਬਲਜਿੰਦਰ ਸਿੰਘ ਦੁਬਈ ਤੋਂ ਵਾਪਸ ਭਾਰਤ ਆਇਆ ਅਤੇ ਸਵੇਰੇ 6ਵਜੇ ਅੰਮ੍ਰਿਤਸਰ ਪੁੱਜਾ ਜਿੱਥੇ ਰਸਤੇ ਵਿਚੋਂ ਉਸਨੇ ਕਿਰਚ ਖ਼ਰੀਦੀ ਅਤੇ 11 ਵਜੇ ਪੰਨੀਵਾਲਾ ਸਹੁਰੇ ਘਰ ਪੁੱਜ ਗਿਆ। ਜਿੱਥੇ ਉਸਦੀ ਸਹੁਰੇ ਪਰਿਵਾਰ ਨਾਲ ਤਕਰਾਰ ਹੋ ਗਈ। ਇਸ ਦੌਰਾਨ ਬਲਜਿੰਦਰ ਸਿੰਘ ਨੇ ਹਮਲਾ ਕਰਕੇ ਆਪਣੇ ਸਹੁਰੇ ਤਰਸੇਮ ਸਿੰਘ ਉਰਫ ਗੱਜਣ ਸਿੰਘ, ਘਰ ਵਾਲੀ ਦੇ ਚਚੇਰੇ ਭਰਾਵਾਂ ਅਤੇ ਮੁੱਦਈ ਪ੍ਰੇਮ ਸਿੰਘ ਦੇ ਮੁੰਡੇ ਨਰਿੰਦਰ ਸਿੰਘ ਮੋਨੋ ਅਤੇ ਰਵਿੰਦਰ ਸਿੰਘ, ਚਾਚੀ ਸੱਸ ਰਛਪਾਲ ਕੌਰ ਅਤੇ ਚਾਚੇ ਸਹੁਰੇ ਗੁਰਪਾਲ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ। ਬਾਅਦ ਵਿਚ ਹਸਪਤਾਲ ਜਾ ਕੇ ਤਰਸੇਮ ਸਿੰਘ ਅਤੇ ਨਰਿੰਦਰ ਸਿੰਘ ਮੋਨੂੰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਇੰਤਜ਼ਾਰ ਦੀਆਂ ਘੜੀਆਂ ਖ਼ਤਮ, ਇਸ ਦਿਨ ਸਿੰਗਾਪੁਰ ਜਾਣਗੇ ਪ੍ਰਿੰਸੀਪਲ, ਪੰਜਾਬ ਸਰਕਾਰ ਨੇ ਕੀਤਾ ਐਲਾਨ
ਘਟਨਾ ਤੋਂ ਬਾਅਦ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਉਪਿੰਦਰਜੀਤ ਸਿੰਘ ਘੁੰਮਨ, ਐੱਸ. ਪੀ. ਡੀ. ਗੁਰਚਰਨ ਸਿੰਘ, ਡੀ. ਐੱਸ. ਪੀ. ਮਲੋਟ ਬਲਕਾਰ ਸਿੰਘ ਸੰਧੂ ਥਾਣਾ ਕਬਰਵਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਵੰਤ ਸਿੰਘ ਅਤੇ ਚੌਂਕੀ ਇੰਚਾਰਜ ਵੇਦ ਪ੍ਰਕਾਸ਼ ਮੌਕੇ 'ਤੇ ਪੁੱਜ ਗਏ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਦੋਸ਼ੀ ਬਲਜਿੰਦਰ ਸਿੰਘ ਨੂੰ ਉਸਦੀ ਭੈਣ ਸੁਖਵਿੰਦਰ ਕੌਰ ਅਤੇ ਜੀਜੇ ਗੁਰਚਰਨ ਸਿੰਘ ਵਾਸੀ ਨੇ ਵੀ ਸ਼ਹਿ ਦਿੱਤੀ ਸੀ। ਪੁਲਸ ਵੱਲੋਂ ਇਸ ਮਾਮਲੇ ਵਿਚ ਤਿੰਨਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਖ ਅਫ਼ਸਰ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।