ਸਿਆਸੀ ਮੁਫਾਦਾਂ ਨੂੰ ਲੈ ਕੇ ਲਏ ਜਾ ਰਹੇ ਫੈਸਲਿਆਂ ਤੋਂ ਨਿਰਾਸ਼ ਹੋ ਕੇ ਫਰੰਟ ਦਾ ਕੀਤਾ ਗਠਨ : ਭੌਰ

11/17/2017 9:51:38 AM


ਜਲੰਧਰ (ਚਾਵਲਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਪੰਥਕ ਸੋਚ ਰੱਖਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਸਾਂਝੀ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਅਤੇ ਪੰਥਕ ਸੰਸਥਾਵਾਂ ਵਿਚ ਪਿਛਲੇ ਸਮੇਂ ਤੋਂ ਜੋ ਕੁੱਝ ਵਾਪਰ ਰਿਹਾ ਹੈ, ਨੂੰ ਲੈ ਕੇ ਪਾਈ ਜਾ ਰਹੀ ਨਿਰਾਸ਼ਾ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਫੋਰਮ ਤਿਆਰ ਕਰਨ ਲਈ ਪੰਥਕ ਫਰੰਟ ਦਾ ਗਠਨ ਕੀਤਾ ਗਿਆ ਹੈ। ਅੱਜ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੁਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਸੁਖਦੇਵ ਸਿੰਘ ਭੌਰ ਨੇ ਪੰਥਕ ਫਰੰਟ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਦੱਸਿਆ ਕਿ ਇਸ ਫਰੰਟ ਦੇ ਕਨਵੀਨਰ ਉਹ ਖੁਦ ਹੋਣਗੇ ਅਤੇ ਬਾਬਾ ਗੁਰਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਪੁੜੈਣ ਮੁੱਖ ਬੁਲਾਰਾ ਥਾਪੇ ਗਏ ਹਨ, ਜਦਕਿ 7 ਮੈਂਬਰੀ ਐਗਜ਼ੈਕਟਿਵ ਕਮੇਟੀ 'ਚ ਬੀਬੀ ਕੁਲਦੀਪ ਕੌਰ ਟੌਹੜਾ, ਨਿਰਮੈਲ ਸਿੰਘ ਜੌਹਲਾਂ, ਸ਼ਿੰਗਾਰਾ ਸਿੰਘ ਲੋਹੀਆਂ, ਬਾਬਾ ਗੁਰਮੀਤ ਸਿੰਘ ਤਰਲੋਕੇ ਵਾਲੇ, ਮਹਿੰਦਰ ਸਿੰਘ ਹੁਸੈਨਪੁਰ ਅਤੇ ਅਮਰੀਕ ਸਿੰਘ ਸ਼ਾਹਪੁਰ ਆਦਿ ਨੂੰ ਲਿਆ ਗਿਆ ਹੈ। ਫਰੰਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੇ ਮੱਦੇਨਜ਼ਰ 29 ਨਵੰਬਰ ਨੂੰ ਹੋਣ ਵਾਲੀ ਮੀਟਿੰਗ 'ਚ ਰਣਨੀਤੀ ਤੈਅ ਕੀਤੀ ਜਾਵੇਗੀ। ਜਥੇਦਾਰ ਭੌਰ ਨੇ ਪੰਥਕ ਸੰਸਥਾਵਾਂ ਦੀਆਂ ਜ਼ਿੰਮੇਵਾਰ ਸ਼ਖਸੀਅਤਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਪੰਥਕ ਸੰਸਥਾਵਾਂ ਦੇ ਵੱਕਾਰ ਦੀ ਬਹਾਲੀ ਲਈ ਫਰੰਟ ਨੂੰ ਸਹਿਯੋਗ ਕਰਨ ਤਾਂ ਜੋ ਪਿਛਲੇ ਸਮੇਂ ਤੋਂ ਫੈਲੀ ਹੋਈ ਨਿਰਾਸ਼ਾ ਦੂਰ ਹੋ ਸਕੇ। 
ਜਥੇਦਾਰ ਭੌਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਆਸੀ ਮੁਫਾਦ ਨੂੰ ਲੈ ਕੇ ਫੈਸਲੇ ਲਏ ਜਾ ਰਹੇ ਸਨ, ਜਿਸ ਦਾ ਖੁਲਾਸਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਕੀਤਾ ਸੀ । ਇਸ ਬਾਰੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਭਲੀਭਾਂਤ ਜਾਣੂ ਹਨ ਪਰ ਉਹ ਸੰਗਤਾਂ ਨੂੰ ਸਚਾਈ ਤੋਂ ਜਾਣੂ ਨਹੀਂ ਕਰਵਾ ਰਹੇ, ਜਿਸ ਕਰਕੇ ਪੰਥ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਐਗਜ਼ੈਕਟਿਵ ਕਮੇਟੀ ਨੇ ਲਿਖਤੀ ਰੂਪ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਦਿੱਤਾ ਸੀ ਕਿ ਦਸੰਬਰ ਵਿਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ ਪਰ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਅੜੀਅਲ ਰਵੱਈਏ ਕਾਰਨ ਅੱਜ ਪੰਥ ਵਿਚ ਦੁਬਿਧਾ ਖੜ੍ਹੀ ਹੋ ਗਈ ਹੈ। ਇਸ ਮੌਕੇ ਸੁਰਜੀਤ ਸਿੰਘ, ਜਸਵੰਤ ਸਿੰਘ ਪੁੜੈਣ, ਇੰਦਰ ਮੋਹਨ ਸਿੰਘ , ਕੁਲਦੀਪ ਸਿੰਘ ਨੱਸੂਪੁਰ ਆਦਿ ਹਾਜ਼ਰ ਸਨ।


Related News