ਇਸ ਵਾਰ ਉੱਤਰੀ ਹਰਿਆਣਾ ’ਚ ਹੋਵੇਗਾ ਸਿਆਸੀ ਘਮਸਾਨ, GT ਰੋਡ ਬੈਲਟ ਤੋਂ ਹੋ ਕੇ ਜਾਵੇਗਾ ਚੰਡੀਗੜ੍ਹ ਦਾ ਰਸਤਾ!
Wednesday, Jun 12, 2024 - 06:28 PM (IST)
ਅੰਬਾਲਾ, (ਸੁਮਨ ਭਟਨਾਗਰ)- ਜਾਤੀ ਸਮੀਕਰਨ ਦੇ ਆਧਾਰ ’ਤੇ ਹਰਿਆਣਾ ਨੂੰ ਮੋਟੇ ਤੌਰ ’ਤੇ ਤਿੰਨ ਹਿੱਸਿਆਂ ਜਾਟਲੈਂਡ ਬੈਲਟ (ਰੋਹਤਕ, ਹਿਸਾਰ, ਸਿਰਸਾ ਅਤੇ ਸੋਨੀਪਤ ਲੋਕ ਸਭਾ ਹਲਕੇ), ਜੀ. ਟੀ. ਰੋਡ ਬੈਲਟ (ਅੰਬਾਲਾ, ਕੁਰੂਕਸ਼ੇਤਰ, ਕਰਨਾਲ ਅਤੇ ਸੋਨੀਪਤ ਲੋਕ ਸਭਾ ਹਲਕੇ), ਅਹੀਰਵਾਲ-ਮੁਸਲਿਮ ਬੈਲਟ (ਮਹੇਂਦਰਗੜ੍ਹ-ਭਿਵਾਨੀ ਅਤੇ ਗੁਰੂਗ੍ਰਾਮ ਲੋਕ ਸਭਾ ਹਲਕੇ) ’ਚ ਵੰਡਿਆ ਜਾਂਦਾ ਹੈ।
ਜਾਟ ਵੋਟਰਾਂ ਦੀ ਗਿਣਤੀ 25 ਫੀਸਦੀ ਤੋਂ ਕੁਝ ਜ਼ਿਆਦਾ ਹੋਣ ਕਾਰਨ ਸੂਬੇ ਦੀ ਸਿਆਸਤ ’ਤੇ ਆਮ ਤੌਰ ’ਤੇ ਜਾਟਲੈਂਡ ਬੈਲਟ ਦਾ ਦਬਦਬਾ ਬਣਿਆ ਰਹਿੰਦਾ ਹੈ ਪਰ ਦੇਖਣ ’ਚ ਆਇਆ ਹੈ ਕਿ ਹਰਿਆਣਾ ਵਿਧਾਨ ਸਭਾ ਦਾ ਰਸਤਾ ਕਈ ਵਾਰ ਜੀ. ਟੀ. ਰੋਡ ਬੈਲਟ ਤੋਂ ਹੋ ਕੇ ਲੰਘਿਆ ਹੈ, ਜਿਸ ਦੀ ਸੰਭਾਵਨਾ ਇਸ ਵਾਰ ਵੀ ਪ੍ਰਗਟਾਈ ਜਾ ਰਹੀ ਹੈ।
2014 ’ਚ ਭਾਜਪਾ ਨੂੰ ਪਹਿਲੀ ਵਾਰ ਸੱਤਾ ’ਚ ਲਿਆਉਣ ’ਚ ਇਸ ਬੈਲਟ ਦੀ ਸਭ ਤੋਂ ਵੱਡੀ ਭੂਮਿਕਾ ਸੀ। ਕਿਹਾ ਜਾ ਰਿਹਾ ਹੈ ਕਿ 2024 ਦੀਆਂ ਵਿਧਾਨ ਸਭਾ ਚੋਣਾਂ ’ਚ ਸਭ ਤੋਂ ਵੱਡਾ ਸਿਆਸੀ ਘਮਸਾਨ ਇਸੇ ਬੈਲਟ ’ਚ ਹੋਵੇਗਾ।
2014 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ 47 ਸੀਟਾਂ ਜਿੱਤੀਆਂ ਸਨ, ਜਦਕਿ ਇਨ੍ਹਾਂ ’ਚੋਂ 22 ਇਸੇ ਬੈਲਟ ਤੋਂ ਸਨ। ਭਾਜਪਾ ਨੇ ਅੰਬਾਲਾ ਜ਼ਿਲੇ ਦੀਆਂ ਚਾਰੇ ਸੀਟਾਂ ਅੰਬਾਲਾ ਛਾਉਣੀ, ਅੰਬਾਲਾ ਸ਼ਹਿਰ, ਮੁਲਾਣਾ ਅਤੇ ਨਰਾਇਣਗੜ੍ਹ, ਪੰਚਕੂਲਾ ਜ਼ਿਲੇ ਦੀ ਪੰਚਕੂਲਾ ਅਤੇ ਕਾਲਕਾ, ਜ਼ਿਲੇ ਦੀ ਯਮੁਨਾਨਗਰ, ਜਗਾਧਰੀ, ਸਢੌਰਾ ਅਤੇ ਰਾਦੌਰ, ਕੁਰੂਕਸ਼ੇਤਰ ਜ਼ਿਲੇ ਦੀ ਥਾਨੇਸਰ, ਲਾਡਵਾ ਅਤੇ ਸ਼ਾਹਬਾਦ ’ਤੇ ਵੀ ਜਿੱਤ ਦਰਜ ਕੀਤੀ ਸੀ।
ਇਸ ਤੋਂ ਇਲਾਵਾ ਕਰਨਾਲ, ਇੰਦਰੀ, ਅਸੰਧ, ਘਰੌਂਡਾ, ਨੀਲੋਖੇੜੀ, ਪਾਣੀਪਤ, ਗਨੋਰ, ਰਾਈ ਅਤੇ ਸੋਨੀਪਤ ਸੀਟਾਂ ਵੀ ਭਾਜਪਾ ਦੇ ਖਾਤੇ ’ਚ ਗਈਆਂ ਸਨ।
ਜੀ. ਟੀ. ਰੋਡ ਬੈਲਟ ’ਚ ਅੰਬਾਲਾ, ਕਰਨਾਲ, ਪਾਣੀਪਤ, ਕੁਰੂਕਸ਼ੇਤਰ, ਯਮੁਨਾਨਗਰ, ਪੰਚਕੂਲਾ ਅਤੇ ਕੈਥਲ ਜ਼ਿਲਿਆਂ ਦੀਆਂ ਲੱਗਭਗ 30 ਸੀਟਾਂ ਆਉਂਦੀਆਂ ਹਨ। ਇਥੇ ਓ. ਬੀ. ਸੀ.-ਐੱਸ. ਸੀ. ਤੋਂ ਇਲਾਵਾ, ਪੰਜਾਬੀ, ਬ੍ਰਾਹਮਣ, ਵੈਸ਼, ਰਾਜਪੂਤ ਅਤੇ ਸਿੱਖਾਂ ਦੀ ਵੱਡੀ ਗਿਣਤੀ ਹੈ, ਜਿਸ ਨੂੰ ਭਾਜਪਾ ਦਾ ਰਵਾਇਤੀ ਵੋਟ ਬੈਂਕ ਮੰਨਿਆ ਜਾਂਦਾ ਰਿਹਾ ਹੈ।
ਪਿਛਲੇ ਕੁਝ ਸਾਲਾਂ ’ਚ ਜਾਤੀ ਸਮੀਕਰਨ ਕੁਝ ਹੱਦ ਤੱਕ ਬਦਲੇ ਹਨ। 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਵੀ ਇਸੇ ਗੱਲ ਦਾ ਸੰਕੇਤ ਦਿੰਦੇ ਹਨ। ਕਿਹਾ ਜਾਂਦਾ ਹੈ ਕਿ 2014 ਤੋਂ ਪਹਿਲਾਂ ਇਸ ਬੈਲਟ ’ਤੇ ਕਾਂਗਰਸ ਦਾ ਦਬਦਬਾ ਸੀ ਪਰ ਬਾਅਦ ’ਚ ਉਸ ਦਾ ਇਕ ਹਿੱਸਾ ਭਾਜਪਾ ਨਾਲ ਜੁੜਦਾ ਗਿਆ।
2019 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਇਸ ਬੈਲਟ ’ਚ ਕੁਝ ਕਮਜ਼ੋਰ ਨਜ਼ਰ ਆਈ ਜਦਕਿ ਕਾਂਗਰਸ ਦੇ ਗ੍ਰਾਫ ’ਚ ਕੁਝ ਵਾਧਾ ਹੋਇਆ। ਜੀ. ਟੀ. ਰੋਡ ਬੈਲਟ ਦੇ ਅੰਬਾਲਾ, ਪੰਚਕੂਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਪਾਣੀਪਤ ਅਤੇ ਸੋਨੀਪਤ ’ਚ ਭਾਜਪਾ ਦੀਆਂ ਸੀਟਾਂ ਘਟ ਕੇ 16 ਰਹਿ ਗਈਆਂ, ਜਦਕਿ ਕਾਂਗਰਸ ਨੇਆਪਣੀ ਗਿਣਤੀ 13 ਤੱਕ ਪਹੁੰਚਾ ਦਿੱਤੀ।
ਮੁੱਖ ਮੰਤਰੀ ਨਾਇਬ ਸੈਣੀ ਨੇ ਖਾਸ ਤੌਰ ’ਤੇ ਜੀ. ਟੀ. ਰੋਡ ਬੈਲਟ ’ਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਜੋ ਰੋਡਮੈਪ ਬਣਾਇਆ ਹੈ, ਉਸ ਦਾ ਫਾਇਦਾ ਉਨ੍ਹਾਂ ਨੂੰ ਵਿਧਾਨ ਸਭਾ ’ਚ ਹੋ ਸਕਦਾ ਹੈ।
ਭਾਜਪਾ ਲਾਵੇਗੀ ਆਪਣੀ ਪੂਰੀ ਤਾਕਤ
ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਬੈਲਟ ’ਤੇ ਕਬਜ਼ਾ ਕਰਨ ਲਈ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਆਪਣੀ ਤਾਕਤ ਹੁਣ ਤੋਂ ਹੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਦੋਵਾਂ ਪਾਰਟੀਆਂ ਲਈ ਚੋਣਾਂ ਵੱਕਾਰ ਦਾ ਸਵਾਲ ਹੋਣਗੀਆਂ।
ਭਾਜਪਾ ਦੇ ਵੱਡੇ ਪੰਜਾਬੀ ਚਿਹਰੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੂੰ ਕੇਂਦਰ ਸਰਕਾਰ ’ਚ ਕੈਬਨਿਟ ਮੰਤਰੀ ਬਣਾਉਣਾ ਇਸ ਬੈਲਟ ’ਚ ਪਾਰਟੀ ਦੀ ਸਥਿਤੀ ਮਜ਼ਬੂਤ ਕਰਨ ਦੀ ਰਣਨੀਤੀ ਦਾ ਹਿੱਸਾ ਹੈ। ਥਾਣੇਸਰ ਤੋਂ ਵਿਧਾਇਕ ਸੁਭਾਸ਼ ਸੁਧਾ ਨੂੰ ਰਾਜ ਮੰਤਰੀ ਬਣਾ ਕੇ ਇਸ ਬੈਲਟ ਦੇ ਗੈਰ-ਜਾਟ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਬੈਲਟ ’ਚ ਮੁੱਖ ਮੰਤਰੀ ਨਾਇਬ ਸੈਣੀ, ਟਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ, ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਖੇਤੀਬਾੜੀ ਮੰਤਰੀ ਕੰਵਰਪਾਲ ਗੁਰਜਰ, ਰਾਜ ਮੰਤਰੀ ਮਹੀਪਾਲ ਢਾਂਡਾ ਅਤੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਦੇ ਵਿਧਾਨ ਸਭਾ ਹਲਕੇ ਆਉਂਦੇ ਹਨ, ਜਿਨ੍ਹਾਂ ਦਾ ਆਪਣੇ ਹਲਕਿਆਂ ਤੋਂ ਇਲਾਵਾ ਹੋਰ ਖੇਤਰਾਂ ’ਚ ਚੰਗੀ ਪੈਂਠ ਹੈ।
ਇਨ੍ਹੀਂ ਦਿਨੀਂ ਵਿਜ ਪਾਰਟੀ ਤੋਂ ਕੁਝ ਲੋਕ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਨੂੰ ਮਨਾਉਣਾ ਜ਼ਰੂਰੀ ਹੋਵੇਗਾ, ਨਹੀਂ ਤਾਂ ਭਾਜਪਾ ਨੂੰ ਇਸ ਦਾ ਕੁਝ ਨੁਕਸਾਨ ਝੱਲਣਾ ਪੈ ਸਕਦਾ ਹੈ।
ਕਾਂਗਰਸ ਨੇ ਸ਼ੁਰੂ ਕੀਤੀ ਆਪਣੀ ਮੁਹਿੰਮ
ਜੀ. ਟੀ. ਰੋਡ ਬੈਲਟ ’ਚ ਕਾਂਗਰਸ ਕੋਲ ਕੋਈ ਵੱਡਾ ਚਿਹਰਾ ਨਹੀਂ ਹੈ, ਜੋ ਭਾਜਪਾ ਦੇ ਦਿੱਗਜਾਂ ਨੂੰ ਸਖ਼ਤ ਟੱਕਰ ਦੇ ਸਕੇ। ਵੈਸੇ ਤਾਂ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਜਾਟ-ਲੈਂਡ ਤੋਂ ਇਲਾਵਾ ਜੀ. ਟੀ. ਰੋਡ ਬੈਲਟ ’ਚ ਕਾਫੀ ਲੋਕਪ੍ਰਿਯ ਹਨ।
ਉਨ੍ਹਾਂ ਤੋਂ ਇਲਾਵਾ ਇਸ ਬੈਲਟ ’ਚ ਕਾਂਗਰਸ ਦੇ ਦਿੱਗਜ ਨੇਤਾਵਾਂ ’ਚ ਅੰਬਾਲਾ ਤੋਂ ਸੰਸਦ ਮੈਂਬਰ ਵਰੁਣ ਮੁਲਾਣਾ, ਹੁਣ ਸਿਰਸਾ ਤੋਂ ਸੰਸਦ ਮੈਂਬਰ ਅਤੇ ਪਹਿਲਾਂ ਦੋ ਵਾਰ ਅੰਬਾਲਾ ਤੋਂ ਸੰਸਦ ਮੈਂਬਰ ਰਹਿ ਚੁੱਕੀ ਕੁਮਾਰੀ ਸ਼ੈਲਜਾ, ਕਾਂਗਰਸ ਦੇ ਨੇਤਾ ਚੰਦਰ ਮੋਹਨ, ਨਿਰਮਲ ਸਿੰਘ, ਅਸ਼ੋਕ ਅਰੋੜਾ, ਅਕਰਮ ਖਾਨ ਅਤੇ ਰਣਦੀਪ ਸਿੰਘ ਸੁਰਜੇਵਾਲਾ ਦੀ ਚੰਗੀ ਪੈਂਠ ਹੈ।
ਭੁਪਿੰਦਰ ਸਿੰਘ ਹੁੱਡਾ ਅਗਲੇ ਹਫ਼ਤੇ ਤੋਂ ਪੂਰੇ ਸੂਬੇ ’ਚ ਵਰਕਰਾਂ ਦੀ ਕਾਨਫਰੰਸ ਸ਼ੁਰੂ ਕਰਨ ਜਾ ਰਹੇ ਹਨ। ਸ਼ੈਲਜਾ ਨੇ ਵੀ ਸੂਬੇ ’ਚ ਵਰਕਰਾਂ ਨੂੰ ਮਿਲਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਸ਼ੁਰੂਆਤ ਉਹ ਅੱਜ ਅੰਬਾਲਾ ਤੋਂ ਕਰ ਰਹੇ ਹਨ।