ਸੀਵਰੇਜ ਦਾ ਓਵਰਫਲੋਅ ਪਾਣੀ ਸੜਕ ''ਤੇ ਫੈਲਿਆ
Thursday, Feb 08, 2018 - 06:34 AM (IST)

ਕਪੂਰਥਲਾ, (ਗੌਰਵ)- ਪੁਰਾਣੀ ਕਚਹਿਰੀ 'ਚ ਬੰਦ ਸੀਵਰੇਜ ਦੇ ਕਾਰਨ ਗੰਦਾ ਪਾਣੀ ਓਵਰਫਲੋਅ ਹੋ ਕੇ ਸੜਕ 'ਤੇ ਫੈਲ ਚੁੱਕਾ ਹੈ, ਜਿਸ ਕਾਰਨ ਰੋਜ਼ਾਨਾ ਇਥੇ ਆਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਵੀਂ ਕਚਹਿਰੀ ਬਣਨ ਉਪਰੰਤ ਡੀ. ਸੀ. ਦਫਤਰ, ਏ. ਡੀ. ਸੀ. ਦਫਤਰ, ਐੱਸ. ਐੱਸ. ਪੀ. ਦਫਤਰ, ਸੁਵਿਧਾ ਕੇਂਦਰ ਤੇ ਹੋਰ ਕਈ ਸਿਵਲ ਤੇ ਪੁਲਸ ਪ੍ਰਸ਼ਾਸਨ ਦੇ ਦਫਤਰ ਇਥੇ ਮੌਜੂਦ ਹਨ, ਜਿਸ ਕਾਰਨ ਕਈ ਦਫਤਰੀ ਕੰਮਾਂ ਲਈ ਲੋਕਾਂ ਨੂੰ ਇਥੇ ਆਉਣਾ ਪੈਂਦਾ ਹੈ।ਨੋਟਰੀ, ਅਸ਼ਟਾਮ ਆਦਿ ਦਾ ਕੰਮ ਕਰਨ ਵਾਲਿਆਂ ਦੇ ਕੈਬਿਨਾਂ ਦੇ ਬਾਹਰ ਲੱਗੇ ਗੰਦੇ ਪਾਣੀ ਦੇ ਛੱਪੜ ਕਾਰਨ ਲੋਕ ਕਾਫੀ ਪ੍ਰਭਾਵਿਤ ਹੋ ਰਹੇ ਹਨ। ਰੋਜ਼ਾਨਾ ਆਉਣ ਵਾਲੇ ਐਡਵੋਕੇਟ ਪੰਕਜ ਸ਼ਰਮਾ, ਹਰਵਿੰਦਰ ਚੀਮਾ, ਵਿਜੇ ਕੁਮਾਰ, ਸੂਰਜ ਕੁਮਾਰ, ਸ਼ਿਵ ਸਿੰਘ, ਕਮਲ ਸਿੰਘ, ਮੰਨੂੰ ਆਦਿ ਨੇ ਦਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਸੀਵਰੇਜ ਦੀ ਸਮੱਸਿਆ ਕਾਰਨ ਸਾਰਾ ਗੰਦਾ ਪਾਣੀ ਸੜਕ 'ਤੇ ਫੈਲ ਚੁੱਕਾ ਹੈ ਤੇ ਹੋਰ ਰਹੇ ਤੇਜ਼ੀ ਨਾਲ ਸੜਕ 'ਤੇ ਫੈਲ ਰਿਹਾ ਹੈ ਪਰ ਵਿਭਾਗ ਦਾ ਇਸ ਵੱਲ ਧਿਆਨ ਨਹੀਂ ਜਾ ਰਿਹਾ, ਜਿਸ ਕਾਰਨ ਸਾਨੂੰ ਡਰ ਹੈ ਕਿ ਇਥੇ ਗੰਦਗੀ ਤੋਂ ਪੈਦਾ ਹੋਣ ਵਾਲੀਆਂ ਭਿਆਨਕ ਬੀਮਾਰੀਆਂ ਨਾ ਫੈਲਣ। ਜ਼ਿਕਰਯੋਗ ਹੈ ਕਿ ਐੱਸ. ਐੱਸ. ਪੀ. ਦਫਤਰ ਦੇ ਬਿਲਕੁਲ ਥੱਲੇ ਇਹ ਗੰਦਗੀ ਦਾ ਆਲਮ ਛਾਇਆ ਪਿਆ ਹੈ। ਰੋਜ਼ਾਨਾ ਇਸ ਰਸਤੇ ਤੋਂ ਸਿਵਲ ਤੇ ਪੁਲਸ ਪ੍ਰਸ਼ਾਸਨ ਦੇ ਕਈ ਆਲਾ ਅਧਿਕਾਰੀ ਲੰਘਦੇ ਹਨ, ਅਜੇ ਤਕ ਕਿਸੇ ਵੀ ਅਧਿਕਾਰੀ ਨੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਸਬੰਧਿਤ ਕਰਮਚਾਰੀਆਂ ਨੂੰ ਕੋਈ ਦਿਸ਼ਾ-ਨਿਰਦੇਸ਼ ਨਹੀਂ ਦਿੱਤੇ, ਜੋ ਇਹ ਗੱਲ ਕਾਫੀ ਹੈਰਾਨ ਕਰ ਰਹੀ ਹੈ।
ਢਿਲਵਾਂ 'ਚ ਵਾਟਰ ਸਪਲਾਈ ਦਾ ਮੰਦਾ ਹਾਲ
ਢਿਲਵਾਂ, (ਜਗਜੀਤ)-ਸਥਾਨਕ ਕਸਬੇ ਵਿਚ ਪਿਛਲੇ ਕਈ ਮਹੀਨਿਆਂ ਤੋਂ ਨਗਰ ਪੰਚਾਇਤ ਢਿਲਵਾਂ ਵੱਲੋਂ ਨਗਰ ਨਿਵਾਸੀਆਂ ਨੂੰ ਮੁੱਹਈਆ ਕਰਵਾਈ ਜਾ ਰਹੀ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਬਹੁਤ ਹੀ ਮੰਦਾ ਹਾਲ ਹੈ। ਜਿਸ ਕਾਰਨ ਲੋਕਾਂ ਨੂੰ ਕਈ ਪ੍ਰੇਸ਼ਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਕਸਬੇ ਦੇ ਪਤਵੰਤਿਆਂ ਢਿਲਵਾਂ ਡਿਵੈ. ਸੁਸਾਇਟੀ ਦੇ ਵੇਦ ਰਾਜ ਕੁਮਾਰ ਰਿਟਾ. ਕੈਪਟਨ, ਸੁੱਚਾ ਸਿੰਘ, ਹੀਰਾ ਲਾਲ, ਜਗਤਾਰ ਸਿੰਘ, ਰਾਜ ਕੁਮਾਰ, ਸੋਮ ਦੱਤ, ਵਿਜੇ ਕੁਮਾਰ, ਅਰੁਣ ਕੁਮਾਰ, ਗੁਰਵਿੰਦਰ ਸਿੰਘ, ਅਸ਼ੋਕ ਕੁਮਾਰ, ਮਨੋਜ ਕੁਮਾਰ, ਸ਼ਿੰਗਾਰਾ ਸਿੰਘ, ਬਲਵਿੰਦਰ ਸਿੰਘ, ਸੁਭਾਸ਼ ਸੁਖੀਜਾ, ਸਤੀਸ਼ ਕੁਮਾਰ, ਕਮਲੇਸ਼ ਰਾਣੀ, ਰਮਨ ਕੁਮਾਰ, ਸੁਰਿੰਦਰ ਕੌਰ, ਬੂਟਾ ਸਿੰਘ ਆਦਿ ਨੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਜਲੰਧਰ, ਡਿਪਟੀ ਕਮਿਸ਼ਨਰ ਕਪੂਰਥਲਾ, ਕਾਰਜ ਸਾਧਕ ਅਫ਼ਸਰ ਢਿਲਵਾਂ ਨੂੰ ਰਜਿਸਟਰਡ ਪੱਤਰ ਭੇਜ ਕੇ ਦੱਸਿਆ ਕਿ ਕਸਬੇ ਅੰਦਰ ਵਾਟਰ ਸਪਲਾਈ ਮਹੀਨੇ 'ਚ 2-3 ਵਾਰ ਮੁਕੰਮਲ ਠੱਪ ਹੋ ਜਾਂਦੀ ਹੈ, ਜੋ ਲਗਾਤਾਰ 2 ਦਿਨ ਜਾਂ ਇਸ ਤੋਂ ਵੀ ਵੱਧ ਸਮੇਂ ਲਈ ਬੰਦ ਰਹਿੰਦੀ ਹੈ। ਪਿਛਲੇ ਕਈ ਮਹੀਨਿਆਂ ਤੋਂ ਇਸ ਵਰਤਾਰੇ ਦਾ ਸਾਹਮਣਾ ਨਗਰ ਨਿਵਾਸੀਆਂ ਨੂੰ ਕਰਨਾ ਪੈ ਰਿਹਾ ਹੈ। ਨਗਰ ਦੇ ਕਿਸੇ ਇਕ ਹਿੱਸੇ ਵਿਚ ਪਾਈਪ ਟੁੱਟ ਜਾਂਦਾ ਹੈ ਜਾਂ ਕਿਸੇ ਕਾਰਨ ਲੀਕੇਜ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਨੂੰ ਠੀਕ ਕਰਦੇ ਸਮੇਂ ਸਾਰੇ ਸ਼ਹਿਰ ਦਾ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ, ਭਾਵੇਂ ਉਸਨੂੰ ਠੀਕ ਕਰਨ ਲਈ ਕਿੰਨੇ ਵੀ ਦਿਨ ਲੱਗ ਜਾਣ। ਉਨ੍ਹਾਂ ਕਿਹਾ ਕਿ ਕੋਈ ਵੀ ਦਫ਼ਤਰ ਅਧਿਕਾਰੀ ਐਤਵਾਰ ਨੂੰ ਜਾਂ ਛੁੱਟੀ ਵਾਲੇ ਦਿਨ ਸਟੇਸ਼ਨ 'ਤੇ ਨਹੀਂ ਹੁੰਦਾ। ਇਥੋਂ ਤਕ ਕਿ ਦਫ਼ਤਰ ਅਧਿਕਾਰੀਆਂ ਪਾਸ ਕੋਈ ਪਲੰਬਰ ਤੇ ਨਾ ਹੀ ਕੋਈ ਅਜਿਹਾ ਮੁਲਾਜ਼ਮ ਹੈ, ਜੋ ਵਾਟਰ ਸਪਲਾਈ ਦੀ ਉਚਿਤ ਡਾਇਆਗ੍ਰਾਮ ਤੇ ਵੱਖ-ਵੱਖ ਗਲੀਆਂ ਦੇ ਬਾਹਰ ਲੱਗੇ ਹੋਏ ਗੇਟ ਵਾਲਵਜ਼ ਦੀ ਜਾਣਕਾਰੀ ਰੱਖਦਾ ਹੋਵੇ, ਜਦ ਕਿ ਇਹ ਸਾਰਾ ਕੁਝ ਨਕਸ਼ੇ ਮੁਤਾਬਕ ਹੀ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਪਾਣੀ ਵੀ ਅਸ਼ੁੱਧ ਤੇ ਗੰਦਾ ਹੁੰਦਾ ਹੈ। ਉਨ੍ਹਾਂ ਉਪਰੋਕਤ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਢਿਲਵਾਂ ਦੀ ਵਾਟਰ ਸਪਲਾਈ ਦੀ ਮੰਦੀ ਹਾਲਤ ਤੁਰੰਤ ਸੁਧਾਰੀ ਜਾਵੇ।