ਤਹਿਬਾਜ਼ਾਰੀ ਟੀਮ ਨੇ ਨਗਰ ਨਿਗਮ ਦੀ ਜਗ੍ਹਾ ''ਚ ਰੱਖਿਆ ਸਾਮਾਨ ਕਬਜ਼ੇ ''ਚ ਲਿਆ
Sunday, Mar 25, 2018 - 01:59 AM (IST)

ਹੁਸ਼ਿਆਰਪੁਰ, (ਘੁੰਮਣ)- ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਨੇ ਅੱਜ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਬਹਾਦਰਪੁਰ, ਕਮੇਟੀ ਬਾਜ਼ਾਰ, ਗੌਰਾਂ ਗੇਟ, ਕੋਤਵਾਲੀ ਬਾਜ਼ਾਰ, ਘੰਟਾਘਰ, ਕਮਾਲਪੁਰ ਚੌਕ, ਬੱਸ ਸਟੈਂਡ, ਬੱਸੀ ਖਵਾਜੂ ਅਤੇ ਗਊਸ਼ਾਲਾ ਬਾਜ਼ਾਰ ਦਾ ਦੌਰਾ ਕੀਤਾ ਅਤੇ ਦੁਕਾਨਦਾਰਾਂ ਵੱਲੋਂ ਨਗਰ ਨਿਗਮ ਦੀ ਜਗ੍ਹਾ ਵਿਚ ਰੱਖੇ ਸਾਮਾਨ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਤੋਂ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਦੀ ਹਦਾਇਤ ਕੀਤੀ। ਇਹ ਜਾਣਕਾਰੀ ਨਗਰ ਨਿਗਮ ਦੇ ਕਮਿਸ਼ਨਰ ਹਰਬੀਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਸ਼ਹਿਰ ਵਿਚ ਚੱਲ ਰਹੀ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਗਈ ਹੈ, ਜੋ ਲਗਾਤਾਰ ਜਾਰੀ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੁਕਾਨਦਾਰ ਆਪਣਾ ਸਾਮਾਨ ਦੁਕਾਨਾਂ ਦੇ ਬਾਹਰ ਰੱਖਦੇ ਹਨ, ਜਿਸ ਨਾਲ ਸੜਕਾਂ 'ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਦਿੱਕਤ ਪੇਸ਼ ਆਉਂਦੀ ਹੈ ਅਤੇ ਆਵਾਜਾਈ ਵਿਚ ਰੁਕਾਵਟ ਪੈਂਦੀ ਹੈ। ਤਹਿਬਾਜ਼ਾਰੀ ਟੀਮ ਵਿਚ ਸੌਰਵ, ਅਮਨਦੀਪ ਅਤੇ ਜਸਪਾਲ ਸਿੰਘ ਗੋਲਡੀ ਵੀ ਸ਼ਾਮਲ ਸਨ।