ਪੰਡਿਤ ਨੂੰ ਲੁੱਟਣ ਲਈ ਮੰਦਰ ਦੇ ਅੰਦਰ ਵੜੇ ਲੁਟੇਰੇ, ਰੌਲਾ ਪਾਉਣ ’ਤੇ ਮੋਟਰਸਾਈਕਲ ਉਥੇ ਹੀ ਛੱਡ ਹੋਏ ਫ਼ਰਾਰ

Thursday, Sep 05, 2024 - 05:43 AM (IST)

ਜਲੰਧਰ (ਗੁਲਸ਼ਨ) : ਸ਼ਹਿਰ ਵਿਚ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਲੁਟੇਰੇ ਹੁਣ ਭਗਵਾਨ ਦੇ ਘਰ ਵਿਚ ਵੜ ਕੇ ਵੀ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਲੱਗੇ ਹਨ। ਇਸਦੀ ਤਾਜ਼ਾ ਉਦਾਹਰਣ ਉਸ ਸਮੇਂ ਮਿਲੀ, ਜਦੋਂ ਖਾਂਬਰਾ ਕਾਲੋਨੀ ਰੋਡ ’ਤੇ ਸਥਿਤ ਜਲੰਧਰ ਐਨਕਲੇਵ ਵਿਚ ਸ਼੍ਰੀ ਵਿਸ਼ਵਕਰਮਾ ਧਰਮਸ਼ਾਲਾ ਵਿਚ ਵੜ ਕੇ ਕੁਝ ਨੌਜਵਾਨ ਪੰਡਿਤ ਤੋਂ ਪੈਸਿਆਂ ਦੀ ਮੰਗ ਕਰਨ ਲੱਗੇ।

ਜਦੋਂ ਉਸਨੇ ਮਨ੍ਹਾ ਕੀਤਾ ਤਾਂ ਨੌਜਵਾਨ ਪੰਡਿਤ ਨੂੰ ਧਮਕਾਉਣ ਲੱਗੇ। ਪੰਡਿਤ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇੰਨੇ ਵਿਚ ਇਲਾਕੇ ਦੇ ਲੋਕ ਅਤੇ ਮੰਦਰ ਕਮੇਟੀ ਦੇ ਅਹੁਦੇਦਾਰ ਮੌਕੇ ’ਤੇ ਪਹੁੰਚੇ ਤਾਂ ਲੁਟੇਰੇ ਫ਼ਰਾਰ ਹੋ ਗਏ। ਉਨ੍ਹਾਂ ਦਾ ਇਕ ਮੋਟਰਸਾਈਕਲ ਉਥੇ ਹੀ ਡਿੱਗ ਗਿਆ।

PunjabKesari

ਇਹ ਵੀ ਪੜ੍ਹੋ : ਮੁਫ਼ਤ 'ਚ Aadhaar Card ਅਪਡੇਟ ਕਰਵਾਉਣ ਦਾ ਮੌਕਾ, 10 ਸਾਲ ਪੁਰਾਣਾ ਆਧਾਰ ਵੀ ਕਰੋ ਮਿੰਟਾਂ 'ਚ ਅਪਡੇਟ

ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪੰਡਿਤ ਵਿਜੇ ਸ਼ਾਸਤਰੀ, ਰਾਜਨ ਮੱਲ੍ਹਣ, ਵਿਪਨ, ਭੁਪਿੰਦਰ ਪੁਰੀ ਤੇ ਰਾਮ ਭੁਵਨ ਆਦਿ ਨੇ ਦੱਸਿਆ ਕਿ ਸ਼ਾਮ ਨੂੰ ਕੁਝ ਨੌਜਵਾਨ ਮੰਦਰ ਦੇ ਬਾਹਰ ਬੈਠੇ ਹੋਏ ਸਨ। ਮੰਦਰ ਵਿਚ ਆਰਤੀ ਹੋ ਰਹੀ ਸੀ। ਆਰਤੀ ਤੋਂ ਬਾਅਦ ਨੌਜਵਾਨਾਂ ਨੇ ਅੰਦਰ ਆ ਕੇ ਪ੍ਰਸ਼ਾਦ ਵੀ ਲਿਆ। ਜਦੋਂ ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਨੌਜਵਾਨਾਂ ਨੇ ਆਪਣੇ 2-3 ਹੋਰ ਸਾਥੀਆਂ ਨੂੰ ਬੁਲਾ ਲਿਆ ਅਤੇ ਮੰਦਰ ਦੇ ਅੰਦਰ ਵੜ ਕੇ ਪੰਡਿਤ ਨੂੰ ਧਮਕਾਇਆ ਅਤੇ ਪੈਸਿਆਂ ਦੀ ਮੰਗ ਕੀਤੀ।

ਰਾਜਨ ਮੱਲ੍ਹਣ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਸ ਕੰਟਰੋਲ ਰੂਮ ’ਤੇ ਦਿੱਤੀ ਗਈ ਹੈ। ਇਸ ਤੋਂ ਬਾਅਦ ਖਾਂਬਰਾ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ। ਉਸਨੇ ਘਟਨਾ ਦੀ ਜਾਣਕਾਰੀ ਲੈਣ ਤੋਂ ਬਾਅਦ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਸ ਮੋਟਰਸਾਈਕਲ ਨੰਬਰ ਦੇ ਆਧਾਰ ’ਤੇ ਨੌਜਵਾਨਾਂ ਦੀ ਪਛਾਣ ਕਰੇਗੀ। ਮੰਦਰ ਕਮੇਟੀ ਦੇ ਅਹੁਦੇਦਾਰ ਰਾਜਨ ਮੱਲ੍ਹਣ ਨੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਤੋਂ ਇਲਾਕੇ ਵਿਚ ਪੁਲਸ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


Sandeep Kumar

Content Editor

Related News