ਟੋਇਆਂ ''ਚ ਗੁਆਚੀ ਸਾਹਲੋਂ ਤੋਂ ਬੰਗਾ ਜਾਣ ਵਾਲੀ ਸੜਕ

Monday, Apr 30, 2018 - 01:10 AM (IST)

ਟੋਇਆਂ ''ਚ ਗੁਆਚੀ ਸਾਹਲੋਂ ਤੋਂ ਬੰਗਾ ਜਾਣ ਵਾਲੀ ਸੜਕ

ਔੜ,   (ਛਿੰਜੀ)—  70 ਸਾਲਾਂ ਦੀ ਆਜ਼ਾਦੀ ਦੌਰਾਨ ਬਣੀਆਂ ਸਰਕਾਰਾਂ ਵੱਲੋਂ ਸਰਕਾਰੀ ਸਟੇਜਾਂ ਤੋਂ ਭਾਸ਼ਣਾਂ ਦੌਰਾਨ ਗੱਜ-ਵੱਜ ਕੇ ਆਖਿਆ ਗਿਆ ਕਿ ਪੰਜਾਬ ਅੰਦਰ ਸੜਕਾਂ ਦੇ ਜਾਲ ਵਿਛਾ ਦਿੱਤੇ ਗਏ ਹਨ ਪਰ ਪੰਜਾਬ ਦੀਆਂ ਕੁਝ ਸੜਕਾਂ ਨੂੰ ਛੱਡ ਕੇ 95 ਫੀਸਦੀ ਸੜਕਾਂ ਟੋਇਆਂ ਦਾ ਸ਼ਿਕਾਰ ਹਨ, ਜਿਨ੍ਹਾਂ 'ਚ ਇਕ ਸੜਕ ਸਾਹਲੋਂ ਤੋਂ ਬੰਗਾ ਜਾਣ ਵਾਲੀ ਵੀ ਹੈ, ਜਿਥੋਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਵਾਹਨ ਲੰਘਦੇ ਹਨ।
ਇਹ ਸੜਕ ਲੋਕਾਂ ਨੂੰ ਨਵਾਂਸ਼ਹਿਰ, ਬੰਗਾ, ਜਲੰਧਰ ਵਰਗੇ ਵੱਡੇ ਸ਼ਹਿਰਾਂ ਨਾਲ ਜੋੜਦੀ ਹੈ, ਜੋ ਅੱਜਕਲ ਟੋਇਆਂ 'ਚ ਅਲੋਪ ਹੋ ਕੇ ਰਹਿ ਗਈ ਹੈ। ਜਾਣਕਾਰੀ ਦਿੰਦਿਆਂ ਪੀੜਤ ਲੋਕਾਂ ਨੇ ਦੱਸਿਆ ਕਿ ਪਿਛਲੀ ਅਕਾਲੀ ਸਰਕਾਰ ਮੌਕੇ ਇਸ ਸੜਕ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਸਾਰੀ ਅਧੀਨ ਲਿਆਂਦੀ ਗਈ ਸੀ ਪਰ ਅੱਧ-ਵਿਚਾਲੇ ਹੀ ਸਰਕਾਰ ਬਦਲ ਜਾਣ ਕਰ ਕੇ ਸੜਕ ਦਾ ਨਿਰਮਾਣ ਉੱਥੇ ਹੀ ਰੁਕ ਗਿਆ ਤੇ ਅੱਜ ਤੱਕ ਲੋਕ ਸੜਕ ਦੀ ਮੁਰੰਮਤ ਦੀ ਮੰਗ ਕਰਦੇ ਆ ਰਹੇ ਹਨ ਪਰ ਕਿਸੇ ਦੀ ਕੋਈ ਤਕਲੀਫ ਨਹੀਂ ਸੁਣੀ ਜਾ ਰਹੀ। ਲੋਕਾਂ ਨੇ ਦੱਸਿਆ ਕਿ ਥੋੜ੍ਹੀ ਜਿਹੀ ਬਾਰਿਸ਼ ਨਾਲ ਹੀ ਇਹ ਪਤਾ ਲਾਉਣਾ ਔਖਾ ਹੋ ਜਾਂਦਾ ਹੈ ਕਿ ਇਥੇ ਸੜਕ ਹੈ ਵੀ ਜਾਂ ਨਹੀਂ। ਲੋਕਾਂ ਦੀ ਇਹ ਵੀ ਸ਼ਿਕਾਇਤ ਹੈ ਕਿ ਹਰ ਵਾਰ ਸੜਕ 'ਤੇ ਮਾੜਾ ਮਟੀਰੀਅਲ ਲਾ ਦਿੱਤਾ ਜਾਂਦਾ ਹੈ ਤੇ ਸੜਕ ਆਪਣੀ ਉਮਰ ਹੰਢਾਏ ਬਿਨਾਂ ਹੀ ਟੁੱਟ ਜਾਂਦੀ ਹੈ। ਇਸ ਤਰ੍ਹਾਂ ਕਮਾਮ ਨਜ਼ਦੀਕ ਸੂਏ 'ਤੇ ਬਣੀ ਪੁਲੀ ਵਧੇਰੇ ਤੰਗ ਹੈ, ਜਿਥੇ ਟੋਇਆਂ ਦੀ ਭਰਮਾਰ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ।


Related News