10 ਵਰ੍ਹਿਆਂ ਮਗਰੋਂ ਬਣੀ ਸੜਕ ਕੁਝ ਸਮੇਂ ਬਾਅਦ ਹੀ ਉੱਖੜਨ ਲੱਗੀ

01/19/2018 12:59:43 AM

ਮੋਗਾ, (ਸੰਦੀਪ)- ਜ਼ਿਲੇ ਦੇ ਪਿੰਡ ਸਿੰਘਾਂਵਾਲਾ ਤੋਂ ਪਿੰਡ ਚੰਦ-ਨਵਾਂ ਨੂੰ ਜਾਣ ਵਾਲੀ ਖਸਤਾਹਾਲ ਲਿੰਕ ਸੜਕ ਦੇ ਨਵੀਂ ਉਸਾਰੀ ਦੇ ਭਾਗ 10 ਸਾਲਾਂ ਤੋਂ ਵੀ ਵੱਧ ਸਮੇਂ ਬਾਅਦ ਖੁੱਲ੍ਹੇ ਸਨ, ਜਿਸ ਦੀ ਖੁਸ਼ੀ ਰੋਜ਼ਾਨਾ ਇਸ ਤੋਂ ਲੰਘਣ ਵਾਲੇ ਪਿੰਡ ਚੰਦ-ਨਵਾਂ ਸਮੇਤ ਇਲਾਕਾ ਵਾਸੀਆਂ ਨੇ ਮਨਾਈ ਸੀ ਪਰ ਉਨ੍ਹਾਂ ਦੀ ਇਹ ਖੁਸ਼ੀ ਜ਼ਿਆਦਾ ਸਮਾਂ ਟਿਕ ਨਾ ਸਕੀ ਕਿਉਂਕਿ ਇਸ ਸੜਕ ਦੀ ਉਸਾਰੀ ਦਾ ਕੰਮ ਫਾਹਾ ਵੱਢ ਕੇ ਹੀ ਨੇਪਰੇ ਚਾੜ੍ਹਿਆ ਗਿਆ ਸੀ, ਜਿਸ ਨੇ ਆਪਣੀ ਉਸਾਰੀ ਤੋਂ ਥੋੜ੍ਹੇ ਸਮੇਂ ਬਾਅਦ ਹੀ ਪਹਿਲਾਂ ਦੋਵਾਂ ਪਾਸੇ ਦੇ ਕਿਨਾਰਿਆਂ ਅਤੇ ਬਾਅਦ 'ਚ ਜਗ੍ਹਾ-ਜਗ੍ਹਾ ਤੋਂ ਟੁੱਟਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਰ ਕੇ ਇਹ ਸੜਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ।
ਕਈ ਵਾਰ ਇਥੋਂ ਲੰਘਣ ਵਾਲੇ ਦੋ-ਪਹੀਆ ਵਾਹਨ ਸਵਾਰ ਦੁਰਘਟਨਾਵਾਂ ਦਾ ਸ਼ਿਕਾਰ ਹੋ ਕੇ ਜ਼ਖਮੀ ਹੋ ਚੁੱਕੇ ਹਨ, ਉਥੇ ਹੀ ਦੂਜੇ ਪਾਸੇ ਗ੍ਰਾਮ ਪੰਚਾਇਤ ਅਨੁਸਾਰ ਪੰਚਾਇਤ ਵੱਲੋਂ ਇਸ ਸੜਕ ਦੀ ਉਸਾਰੀ ਦੇ ਕੰਮ ਨੂੰ ਫਾਹਾ ਵੱਢ ਕੇ ਵੇਖਦੇ ਹੋਏ ਪੰਚਾਇਤੀ ਤੌਰ 'ਤੇ ਸੰਤੁਸ਼ਟੀ ਬਾਰੇ ਠੇਕੇਦਾਰ ਨੂੰ ਐੱਨ. ਓ. ਸੀ. ਵੀ ਨਹੀਂ ਦਿੱਤਾ ਗਿਆ। ਸੜਕ ਦੀ ਮਾੜੀ ਹਾਲਤ ਨੂੰ ਵੇਖਦੇ ਹੋਏ ਇਸ ਨੂੰ ਭਵਿੱਖ 'ਚ ਟੁੱਟਣ ਤੋਂ ਬਚਾਉਣ ਲਈ ਪਿੰਡ ਵਾਸੀਆਂ ਨੇ ਇਸ 'ਚ ਸੁਧਾਰ ਲਿਆਉਣ ਦਾ ਬੀੜਾ ਚੁੱਕਿਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ 10 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਇਸ ਖਸਤਾਹਾਲ ਸੜਕ ਤੋਂ ਲੰਘਣ 'ਚ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਸੀ। ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਕੋਲ ਕਈ ਵਾਰ ਗੁਹਾਰ ਲਾਉਣ ਤੋਂ ਬਾਅਦ ਬੜੀ ਮੁਸ਼ਕਲ ਨਾਲ ਇਸ ਸੜਕ ਦੀ ਉਸਾਰੀ ਸੰਭਵ ਹੋ ਸਕੀ ਸੀ ਪਰ ਇਹ ਸੜਕ ਉਸਾਰੀ ਦੇ ਕੁਝ ਸਮੇਂ ਬਾਅਦ ਹੀ ਉੱਖੜਨ ਲੱਗ ਪਈ ਹੈ। ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਉਸਾਰੀ ਦਾ ਜ਼ਿੰਮੇਵਾਰ ਠਹਿਰਾਇਆ ਹੈ। ਜੇ ਵਿਭਾਗੀ ਅਧਿਕਾਰੀ ਇਸ ਦੀ ਉਸਾਰੀ 'ਤੇ ਸਖਤੀ ਨਾਲ ਨਿਗਰਾਨੀ ਕਰਦੇ ਤਾਂ ਸੜਕ ਵਧੀਆ ਬਣ ਸਕਦੀ ਸੀ।
ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੀ ਇਸ ਖਸਤਾਹਾਲ ਸੜਕ ਦੇ ਸੁਧਾਰ ਲਈ ਪਿੰਡ ਵਾਸੀਆਂ ਵੱਲੋਂ ਬੀੜਾ ਚੁੱਕਿਆ ਗਿਆ ਹੈ ਜਿਨ੍ਹਾਂ ਵੱਲੋਂ 4 ਕਿਲੋਮੀਟਰ ਦੀ ਇਸ ਸੜਕ ਦੇ ਦੋਵਾਂ ਕਿਨਾਰਿਆਂ 'ਤੇ ਮਿੱਟੀ ਪਾ ਕੇ ਇਸ ਸੜਕ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਪਿੰਡ ਵਾਸੀਆਂ ਅਨੁਸਾਰ ਇਸ ਸੜਕ ਦੇ ਦੋਵਾਂ ਕਿਨਾਰਿਆਂ 'ਤੇ ਮਿੱਟੀ ਨਾਲ ਭਰੀਆਂ 70 ਤੋਂ 80 ਟਰਾਲੀਆਂ ਸੁੱਟੀਆਂ ਜਾਣਗੀਆਂ। ਇਕ ਮਿੱਟੀ ਦੀ ਟਰਾਲੀ ਦਾ ਖਰਚਾ 500 ਰੁਪਏ ਤੋਂ ਵੀ ਵੱਧ ਪੈ ਜਾਂਦਾ ਹੈ। ਪਿੰਡ ਵਾਸੀਆਂ ਅਨੁਸਾਰ ਇਹ ਉਪਰਾਲਾ ਦਮ ਤੋੜ ਰਹੀ ਇਸ ਸੜਕ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ।


Related News