ਦਰਿਆ ਬਿਆਸ ''ਚ ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ

08/07/2017 7:13:08 AM

ਸੁਲਤਾਨਪੁਰ ਲੋਧੀ, (ਧੀਰ)- ਦਰਿਆ ਬਿਆਸ 'ਚ ਪਿਛਲੇ 4 ਦਿਨਾਂ ਤੋਂ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੇ ਅੱਜ ਹੋਰ ਤੇਜ਼ੀ ਨਾਲ ਵਧ ਕੇ ਗੰਭੀਰ ਰੂਪ ਧਾਰਨ ਕਰ ਲਿਆ, ਜਿਸ ਨਾਲ ਟਾਪੂਨੁਮਾ ਮੰਡ ਖੇਤਰ ਦੇ 16 ਪਿੰਡਾਂ ਦੇ ਲੋਕਾਂ 'ਚ ਲਗਾਤਾਰ ਬਣ ਰਹੀ ਹੜ੍ਹ ਵਾਲੀ ਸਥਿਤੀ ਨੂੰ ਵੇਖਦਿਆਂ ਕਾਫੀ ਦਹਿਸ਼ਤ ਤੇ ਖੌਫ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਕੁਲਦੀਪ ਸਿੰਘ ਸਾਂਗਰਾ ਤੇ ਪਰਮਜੀਤ ਸਿੰਘ ਬਾਊਪੁਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ।
ਰਾਮਪੁਰ ਗੋਰੇ ਦੇ ਬੰਨ੍ਹ ਨੂੰ ਵੀ ਖਤਰਾ- ਕਿਸਾਨ ਆਗੂਆਂ ਨੇ ਕਿਹਾ ਕਿ 2013 ਤੇ 2015 'ਚ ਵੀ ਮੰਡ ਖੇਤਰ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਸੀ ਤੇ ਇਸ ਵਾਰ ਵੀ ਪਾਣੀ ਦਾ ਪੱਧਰ ਇਸੇ ਤਰ੍ਹਾਂ ਹੀ ਵੱਧਦਾ ਰਿਹਾ ਤਾਂ ਪਿੰਡ ਰਾਮਪੁਰ ਗੋਰੇ 'ਚ ਲੱਗੇ ਸਰਕਾਰੀ ਬੰਨ੍ਹ ਨੂੰ ਵੀ ਭਾਰੀ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਵੱਧ ਰਹੇ ਲਗਾਤਾਰ ਪਾਣੀ ਦੇ ਪੱਧਰ ਕਾਰਨ 50 ਫੀਸਦੀ ਫਸਲਾਂ ਪਾਣੀ 'ਚ ਡੁੱਬ ਚੁੱਕੀਆਂ ਹਨ ਤੇ ਬਾਕੀ ਕੱਲ ਤਕ ਡੁੱਬ ਸਕਦੀਆਂ ਹਨ। ਕਿਸਾਨਾਂ ਕਿਹਾ ਕਿ ਅਸੀਂ ਵਾਰ-ਵਾਰ ਪ੍ਰਸ਼ਾਸਨ ਤੋਂ ਇਹ ਮੰਗ ਕਰ ਚੁੱਕੇ ਹਾਂ ਕਿ ਹਰੀਕੇ ਹੈੱਡ ਤੋਂ ਫਲੱਡ ਗੇਟ ਖੋਲ੍ਹ ਕੇ ਪਾਣੀ ਨੂੰ ਰਿਲੀਜ਼ ਕੀਤਾ ਜਾਵੇ ਪਰ ਹਾਲੇ ਤਕ ਕਿਸੇ ਵੀ ਅਧਿਕਾਰੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ ਕਿ ਪ੍ਰਸ਼ਾਸਨ ਕਿਸਾਨਾਂ ਦੀ ਪੂਰੀ ਤਰ੍ਹਾਂ ਹੋ ਰਹੀ ਬਰਬਾਦੀ ਤੋਂ ਬਾਅਦ ਕੋਈ ਕਦਮ ਚੁੱਕੇਗਾ। 
ਉਨ੍ਹਾਂ ਵਿਸ਼ੇਸ਼ ਤੌਰ 'ਤੇ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਤੋਂ ਮੰਗ ਕੀਤੀ ਕਿ ਉਹ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਾਰੇ ਹਾਲਾਤ ਬਾਰੇ ਜਾਣੂੰ ਕਰਵਾਉਣ ਤੇ ਕਿਸਾਨਾਂ ਨੂੰ ਆਰਥਿਕ ਬਰਬਾਦੀ ਤੋਂ ਬਚਾਉਣ। ਕਿਸਾਨਾਂ ਨੇ ਦੱਸਿਆ ਕਿ ਇਸ ਸਾਰੀ ਸਥਿਤੀ ਬਾਰੇ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਵੀ ਜਾਣੂ ਕਰਵਾ ਦਿੱਤਾ ਹੈ ਤੇ ਉਨ੍ਹਾਂ ਭਰੋਸਾ ਦਵਾਇਆ ਹੈ ਕਿ ਉਹ ਇਸ ਸਾਰੀ ਸਥਿਤੀ ਬਾਰੇ ਡੀ. ਸੀ. ਸਾਹਿਬ ਨਾਲ ਗੱਲਬਾਤ ਕਰਨਗੇ। ਇਸ ਮੌਕੇ ਪਰਮਜੀਤ ਸਿੰਘ, ਅਮਰਜੀਤ ਸਿੰਘ ਸਾਂਗਰਾ, ਸਤਨਾਮ ਸਿੰਘ ਸਾਂਗਰਾ, ਕਰਨੈਲ ਸਿੰਘ ਪੱਸਣ ਕਦੀਮ, ਨਿਸ਼ਾਨ ਸਿੰਘ ਸਰਪੰਚ, ਸੁਖਦੇਵ ਸਿੰਘ ਬਾਊਪੁਰ, ਦਿਲਬਾਗ ਸਿੰਘ ਰਾਮਪੁਰ ਗੋਰਾ, ਕੁਲਵੰਤ ਸਿੰਘ ਭੈਣੀ ਆਦਿ ਹਾਜ਼ਰ ਸਨ।


Related News