ਪੰਜਾਬ ਸਰਕਾਰ ਨੇ ਮਸ਼ੀਨੀ ਉਤਪਾਦ ਸਬਸਿਡੀ ’ਤੇ ਦੇਣ ਲਈ ਕਿਸਾਨਾਂ ਕੋਲੋਂ ਮੰਗੀਆਂ ਅਰਜ਼ੀਆਂ
Friday, May 14, 2021 - 02:49 AM (IST)
ਜਲੰਧਰ, (ਚੋਪੜਾ)- ਸੂਬੇ ’ਚ ਖੇਤੀ ਮਸ਼ੀਨੀਕਰਨ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਨੇ ‘ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ’ ਯੋਜਨਾ ਤਹਿਤ ਵੱਖ-ਵੱਖ ਫਸਲਾਂ ਲਈ ਵਰਤੇ ਜਾਣ ਵਾਲੇ ਮਸ਼ੀਨੀ ਉਤਪਾਦ ਸਬਸਿਡੀ ’ਤੇ ਦੇਣ ਲਈ 26 ਮਈ ਤਕ ਅਰਜ਼ੀਆਂ ਮੰਗੀਆਂ ਹਨ।
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਇੱਛੁਕ ਕਿਸਾਨ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਦੇ ਪੋਰਟਲ ’ਤੇ ਆਨਲਾਈਨ ਅਰਜ਼ੀਆਂ ਕਰਨਗੇ। ਇਸ ਯੋਜਨਾ ਅਧੀਨ ਪਰਾਲੀ ਸੰਭਾਲਣ ਵਾਲੀਆਂ ਮਸ਼ੀਨਾਂ ਜਿਵੇਂ ਬੇਲਰ, ਰੈਕ, ਹੈਪੀ ਸੀਡਰ, ਜ਼ੀਰੋ ਟਿਲ ਡਰਿੱਲ, ਸੁਪਰ ਸੀਡਰ, ਉਲਟਾਵੇਂ ਹੱਲ, ਚੌਪਰ, ਮਲਚਰ ਆਦਿ ਹੋਰ ਮਸ਼ੀਨਾਂ ਜਿਵੇਂ ਸਪਰੇਅਰ, ਕਪਾਹ-ਮੱਕਾ ਬੀਜਣ ਵਾਲੇ ਨਿਊ-ਮੈਟਿਕ ਪਲਾਂਟਰ, ਆਲੂ ਬੀਜਣ/ਖੋਦਣ ਵਾਲੀਆਂ ਮਸ਼ੀਨਾਂ, ਗੰਨੇ ਦੀ ਬੀਜਾਈ ਅਤੇ ਕਟਾਈ ਵਾਲੀਆਂ ਮਸ਼ੀਨਾਂ, ਲੇਜ਼ਰ ਲੈਵਲਰ, ਮੱਕਾ ਦੇ ਡ੍ਰਾਇਰ, ਵੀਡਰ ਆਦਿ ਪੋਰਟਲ ’ਤੇ ਦਰਜ ਮਸ਼ੀਨਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਬਿਨੈਕਾਰਾਂ ਵੱਲੋਂ ਦਿੱਤੇ ਜਾਣ ਵਾਲੇ ਸਵੈ-ਘੋਸ਼ਣਾ ਪੱਤਰ ਫਾਰਮੈਟ ਪੋਰਟਲ ’ਤੇ ਹੀ ਉਪਲੱਬਧ ਹੈ।
ਡੀ. ਸੀ. ਨੇ ਦੱਸਿਆ ਕਿ ਅਰਜ਼ੀ ਭਰਨ ਸਮੇਂ ਕਿਸਾਨ ਕੋਲ ਆਧਾਰ ਕਾਰਡ, ਫੋਟੋ, ਸਵੈ-ਘੋਸ਼ਣਾ ਪੱਤਰ ਅਤੇ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕਿਸਾਨ ਗਰੁੱਪਾਂ, ਸੋਸਾਇਟੀਆਂ, ਪੰਚਾਇਤਾਂ ਅਤੇ ਹੋਰ ਸੰਸਥਾਵਾਂ ਦੇ ਪ੍ਰਮੁੱਖ ਅਤੇ ਦੋ ਹੋਰ ਮੈਂਬਰਾਂ ਦਾ ਆਧਾਰ ਕਾਰਡ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਜ਼ਿਲੇ ਦੇ ਮੁੱਖ ਖੇਤੀ ਅਧਿਕਾਰੀ, ਖੇਤੀ ਇੰਜੀਨੀਅਰ ਜਾਂ ਬਲਾਕ ਖੇਤੀ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।