ਮਜ਼ਦੂਰਾਂ ਪੁਲਸ ਖਿਲਾਫ ਪ੍ਰਗਟਾਇਆ ਰੋਸ
Monday, Aug 21, 2017 - 01:32 AM (IST)

ਲਹਿਰਾਗਾਗਾ,(ਜਿੰਦਲ)— ਮਜ਼ਦੂਰ ਮੁਕਤੀ ਮੋਰਚਾ ਬਲਾਕ ਲਹਿਰਾਗਾਗਾ ਦੀ ਮੀਟਿੰਗ ਜੀ. ਪੀ. ਐੱਫ. ਧਰਮਸ਼ਾਲਾ ਵਿਖੇ ਜਥੇ. ਘੁਮੰਡ ਸਿੰਘ ਦੀ ਅਗਵਾਈ ਹੇਠ ਹੋਈ । ਇਸ ਮੀਟਿੰਗ ਵਿਚ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਅਤੇ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਗੋਬਿੰਦ ਛਾਜਲੀ ਵੀ ਸ਼ਾਮਲ ਹੋਏ।
ਇਸ ਮੌਕੇ ਪਿੰਡ ਸੰਗਤਪੁਰਾ ਵਿਖੇ ਮਜ਼ਦੂਰਾਂ ਦੀ ਹੋਈ ਕੁੱਟਮਾਰ ਨੂੰ ਲੈ ਕੇ ਇਕੱਠੇ ਹੋਏ ਮਜ਼ਦੂਰ ਆਗੂਆਂ ਨੇ ਸਰਕਾਰ ਅਤੇ ਪੁਲਸ ਖਿਲਾਫ ਰੋਸ ਪ੍ਰਗਟ ਕੀਤਾ । ਛਾਜਲੀ ਨੇ ਕਿਹਾ ਕਿ ਜ਼ਿਲੇ 'ਚ ਮਜ਼ਦੂਰਾਂ 'ਤੇ ਵਧ ਰਹੇ ਜਬਰ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੇ ਰਾਜ 'ਚ ਦਲਿਤਾਂ ਨਾਲ ਧੱਕਾ ਹੁੰਦਾ ਸੀ ਅਤੇ ਹੁਣ ਕਾਂਗਰਸ ਸਰਕਾਰ ਦੇ ਰਾਜ 'ਚ ਵੀ ਦਲਿਤਾਂ ਨਾਲ ਧੱਕਾ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਸੰਗਤਪੁਰਾ ਦੇ ਮਜ਼ਦੂਰਾਂ ਦੀ ਘਰ 'ਚ ਦਾਖਲ ਹੋ ਕੇ ਕੁੱਟਮਾਰ ਕਰਨ ਸਬੰਧੀ ਥਾਣਾ ਧਰਮਗੜ੍ਹ ਦੀ ਪੁਲਸ ਵੱਲੋਂ ਮੁਕੱਦਮਾ ਦਰਜ ਕਰਨ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਦਲਿਤਾਂ 'ਤੇ ਹੋ ਰਹੇ ਜਬਰ ਜ਼ੁਲਮ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਥਾਣੇ ਅੱਗੇ ਦਿਨ-ਰਾਤ ਧਰਨਾ ਦੇਣ ਦਾ ਐਲਾਨ
ਇਸ ਮੌਕੇ ਜਥੇਬੰਦੀ ਵੱਲੋਂ ਫੈਸਲਾ ਲਿਆ ਗਿਆ ਕਿ 28 ਅਗਸਤ ਨੂੰ ਥਾਣਾ ਧਰਮਗੜ੍ਹ ਅੱਗੇ ਦਿਨ-ਰਾਤ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਗੁਰਬਚਨ ਸਿੰਘ ਬਲਰਾਂ, ਕਾਕਾ ਗਾਗਾ, ਗੁਰਤੇਜ ਗਾਗਾ, ਮੇਲਾ ਸਿੰਘ, ਫਕੀਰ ਚੰਦ ਚੋਟੀਆਂ, ਮੇਲਾ ਸਿੰਘ, ਜੁਗਰਾਜ ਸਿੰਘ ਸੰਗਤਪੁਰਾ, ਜੀਵਨ ਸਿੰਘ, ਮੇਵਾ ਸਿੰਘ ਤੋਂ ਇਲਾਵਾ ਹੋਰ ਵੀ ਮਜ਼ਦੂਰ ਹਾਜ਼ਰ ਸਨ।