ਪਿੰਡ ਵਾਸੀਆਂ ਵੱਲੋਂ ਸਕੂਲ ਬੰਦ ਕਰਨ ਦੇ ਵਿਰੋਧ ''ਚ ਰੋਸ ਪ੍ਰਦਰਸ਼ਨ

Saturday, Oct 28, 2017 - 05:13 AM (IST)

ਧਾਰੀਵਾਲ, (ਖੋਸਲਾ, ਬਲਬੀਰ)- ਧਾਰੀਵਾਲ-2 ਬਲਾਕ ਵਿਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਦੇਵੀਦਾਸ ਵਿਖੇ ਪਿੰਡ ਵਾਸੀਆਂ ਦਾ ਭਰਵਾਂ ਇਕੱਠ ਹੋਇਆ। ਇਸ ਮੌਕੇ ਪਿੰਡ ਵਾਸੀਆਂ ਨੇ ਇਸ ਸਕੂਲ ਨੂੰ ਬੰਦ ਕੀਤੇ ਜਾਣ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਦੇਵੀਦਾਸ ਸਕੂਲ ਬੰਦ ਹੋਣ ਨਾਲ ਉਨ੍ਹਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਿਸ ਸਕੂਲ ਨਾਲ ਉਨ੍ਹਾਂ ਦੇ ਸਕੂਲ ਨੂੰ ਜੋੜਿਆ ਗਿਆ ਹੈ, ਉਹ ਉਨ੍ਹਾਂ ਦੇ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਹੈ ਅਤੇ ਰਸਤੇ 'ਚ ਅਪਰਬਾਰੀ ਦੋਆਬ ਨਹਿਰ ਪੈਂਦੀ ਹੈ, ਜਿੱਥੋਂ ਜਾਣ ਲਈ ਨਹਿਰ ਕਿਨਾਰੇ ਦਾ ਰਸਤਾ ਕੱਚਾ ਅਤੇ ਬਹੁਤ ਭਿਆਨਕ ਹੈ। ਪਿੰਡ ਵਾਸੀਆਂ ਦੱਸਿਆ ਕਿ ਦੇਵੀਦਾਸ ਸਕੂਲ ਵਿਚ 17 ਬੱਚੇ ਪੜ੍ਹ ਰਹੇ ਹਨ। ਪ੍ਰੀ-ਨਰਸਰੀ ਜਮਾਤਾਂ ਸ਼ੁਰੂ ਹੋਣ ਨਾਲ ਬੱਚਿਆਂ ਦੀ ਗਿਣਤੀ ਹੋਰ ਵੱਧ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿਚ ਬੱਚੇ ਬੇਸ਼ੱਕ ਘੱਟ ਹਨ ਪਰ ਪੜ੍ਹਾਈ ਏਨੀ ਵਧੀਆ ਹੈ ਕਿ 'ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ' ਤਹਿਤ ਲਏ ਗਏ ਪਿਛਲੇ ਟੈਸਟਾਂ ਵਿਚ ਬਲਾਕ ਧਾਰੀਵਾਲ-2 ਦੇ 67 ਸਕੂਲਾਂ ਵਿਚੋਂ ਉਨ੍ਹਾਂ ਦੇ ਪਿੰਡ ਦਾ ਸਕੂਲ ਦੂਸਰੇ ਨੰਬਰ 'ਤੇ ਰਿਹਾ ਹੈ। 
ਉਨ੍ਹਾਂ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਸਕੂਲ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਇਸ ਮੌਕੇ ਮਨਜਿੰਦਰ ਸਿੰਘ ਸਕੂਲ ਇੰਚਾਰਜ, ਨਰਿੰਦਰ ਕੁਮਾਰ ਅਧਿਆਪਕ ਤੋਂ ਇਲਾਵਾ ਪਿੰਡ ਦੇ ਰਤਨ ਸਿੰਘ ਉੱਘੇ ਸਮਾਜ ਸੇਵੀ, ਅਵਤਾਰ ਸਿੰਘ ਨੰਬਰਦਾਰ, ਅਜੀਤ ਸਿੰਘ, ਗੋਬਿੰਦ ਸਿੰਘ, ਸਤਨਾਮ ਸਿੰਘ, ਬਚਨ ਸਿੰਘ, ਗੁਰਦੀਪ ਸਿੰਘ, ਹਰਜਿੰਦਰ ਸਿੰਘ, ਬਾਵਾ ਸਿੰਘ, ਗਗਨਦੀਪ, ਜੌਹਨ ਮਸੀਹ, ਸੀਫਾ ਮਸੀਹ, ਮਿੰਟਾ ਮਸੀਹ, ਸੋਨੂੰ ਮਸੀਹ, ਹੇਮਾ ਮਸੀਹ, ਵੀਰ ਕੌਰ, ਊਸ਼ਾ ਆਦਿ ਤੋਂ ਇਲਾਵਾ ਬੱਚਿਆਂ ਦੇ ਮਾਪੇ ਹਾਜ਼ਰ ਸਨ। 


Related News