ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਵੱਲੋਂ ਰੋਸ ਧਰਨੇ
Tuesday, Mar 13, 2018 - 05:58 AM (IST)

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ-ਚੰਡੀਗੜ੍ਹ ਦੇ ਸੱਦੇ 'ਤੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਵੱਲੋਂ ਅੱਜ 6ਵੇਂ ਦਿਨ ਵੀ ਜਨਵਰੀ ਅਤੇ ਫਰਵਰੀ ਮਹੀਨੇ ਦੀ ਤਨਖ਼ਾਹ ਨੂੰ ਲੈ ਕੇ ਸਮੁੱਚਾ ਕੰਮ ਠੱਪ ਕਰ ਕੇ ਨਿਗਰਾਨ ਇੰਜੀਨੀਅਰ, ਹੁਸ਼ਿਆਰਪੁਰ ਟਿਊਬਵੈੱਲ ਸਰਕਲ ਅਤੇ ਜ਼ਿਲਾ ਪ੍ਰੀਸ਼ਦ ਸਥਿਤ ਦਫ਼ਤਰ ਅੱਗੇ ਦਿਨ ਭਰ ਦਾ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਜਲ ਸਰੋਤ ਪ੍ਰਬੰਧਨ ਮੈਨੇਜਮੈਂਟ ਦਾ ਖੂਬ ਪਿੱਟ-ਸਿਆਪਾ ਕੀਤਾ। ਧਰਨੇ ਵਿਚ ਸਰਕਲ ਦਫ਼ਤਰ, ਸੰਚਾਲਨ ਤੇ ਸੰਭਾਲ ਮੰਡਲ ਅਤੇ ਟਿਊਬਵੈੱਲ ਉਸਾਰੀ ਮੰਡਲ ਲ/ਫ, ਹੁਸ਼ਿਆਰਪੁਰ ਨਾਲ ਸਬੰਧਤ ਸਮੁੱਚੇ ਦਫ਼ਤਰੀ ਅਤੇ ਫੀਲਡ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ, ਜਿਸ ਵਿਚ ਇਸਤਰੀ ਮੁਲਾਜ਼ਮ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ।
ਧਰਨੇ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਸੂਬਾ ਸਕੱਤਰ ਸਤੀਸ਼ ਰਾਣਾ ਨੇ ਆਖਿਆ ਕਿ ਅੱਜ 6ਵੇਂ ਦਿਨ ਵੀ ਸਮੁੱਚੇ ਪੰਜਾਬ ਅੰਦਰ ਜਲ ਸਰੋਤ ਪ੍ਰਬੰਧਨ ਦੇ ਦਫ਼ਤਰਾਂ ਅੱਗੇ ਮੁਲਾਜ਼ਮਾਂ ਨੇ ਪੈੱਨ ਡਾਊਨ/ਟੂਲ ਡਾਊਨ ਹੜਤਾਲ ਕਰ ਕੇ ਦਫ਼ਤਰੀ ਅਤੇ ਫੀਲਡ ਦਾ ਸਮੁੱਚਾ ਕੰਮ ਠੱਪ ਕਰ ਕੇ ਦਿਨ ਭਰ ਦੇ ਧਰਨੇ ਦਿੱਤੇ। ਸ਼੍ਰੀ ਰਾਣਾ ਨੇ ਦਾਅਵਾ ਕੀਤਾ ਕਿ ਅਦਾਰੇ ਦਾ ਸਮੁੱਚਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ।
ਕਿਸੇ ਵੀ ਕਰਮਚਾਰੀ ਵੱਲੋਂ ਦਫ਼ਤਰ ਅਤੇ ਫੀਲਡ ਵਿਚ ਕੋਈ ਕੰਮ ਨਹੀਂ ਕੀਤਾ ਗਿਆ ਕਿਉਂਕਿ ਇਸ ਅਦਾਰੇ ਦੇ ਮੁਲਾਜ਼ਮਾਂ ਨੂੰ ਜਨਵਰੀ ਅਤੇ ਫਰਵਰੀ ਮਹੀਨਿਆਂ ਦੀ ਤਨਖ਼ਾਹ ਅਜੇ ਤੱਕ ਨਹੀਂ ਮਿਲੀ, ਜਿਸ ਕਰ ਕੇ ਮੁਲਾਜ਼ਮਾਂ ਨੂੰ ਘਰ ਦੇ ਖਰਚੇ ਚਲਾਉਣੇ ਔਖੇ ਹੋ ਗਏ ਹਨ ਅਤੇ ਉਹ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਦਿਆਂ ਫਾਕੇ ਕੱਟਣ ਲਈ ਮਜਬੂਰ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਆਖਿਆ ਕਿ ਇਕ ਪਾਸੇ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਅਤੇ ਦੂਜੇ ਪਾਸੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਲਗਾਤਾਰ ਲਟਕਾਇਆ ਜਾ ਰਿਹਾ ਹੈ। ਮੰਗਾਂ ਦਾ ਵਰਣਨ ਕਰਦਿਆਂ ਆਗੂਆਂ ਨੇ ਆਖਿਆ ਕਿ ਕੋਰਟ ਕੇਸਾਂ ਦੇ ਫੈਸਲੇ ਮੁਲਾਜ਼ਮ ਹਿੱਤਾਂ ਵਿਚ ਹੋਣ ਦੇ ਬਾਵਜੂਦ ਲਾਗੂ ਨਹੀਂ ਕੀਤੇ ਜਾ ਰਹੇ, ਉਲਟਾ ਨਾਜਾਇਜ਼ ਰਿਕਵਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਪਰਖ-ਕਾਲ ਸਮਾਂ ਤਿੰਨ ਤੋਂ ਦੋ ਸਾਲ ਨਹੀਂ ਕੀਤਾ ਜਾ ਰਿਹਾ, ਮ੍ਰਿਤਕ ਮੁਲਾਜ਼ਮਾਂ ਦੇ ਵਾਰਿਸਾਂ ਦਾ ਬਣਦਾ ਮਕਾਨ ਕਿਰਾਇਆ ਭੱਤਾ ਨਹੀਂ ਦਿੱਤਾ ਜਾ ਰਿਹਾ, ਰਹਿੰਦੇ ਮੁਲਾਜ਼ਮਾਂ ਦੇ ਈ. ਪੀ. ਐੱਫ. ਅਤੇ ਸੀ.ਪੀ.ਐੱਫ. ਦੇ ਖਾਤੇ ਨਹੀਂ ਖੋਲ੍ਹੇ ਜਾ ਰਹੇ ਅਤੇ ਉਨ੍ਹਾਂ ਦੇ ਪੈਸੇ ਨੂੰ ਅੰਨ੍ਹੇ ਖੂਹ ਵਿਚ ਸੁੱਟਿਆ ਜਾ ਰਿਹਾ ਹੈ, ਖਾਲੀ ਪੋਸਟਾਂ 'ਤੇ ਰੈਗੂਲਰ ਭਰਤੀ ਕਰਨ ਪ੍ਰਤੀ ਮੈਨੇਜਮੈਂਟ ਅਤੇ ਸਰਕਾਰ ਗੰਭੀਰ ਨਹੀਂ ਹਨ, ਜਿਸ ਕਰ ਕੇ ਕੰਮ ਦਾ ਬੋਝ ਥੋੜ੍ਹੇ ਰਹਿ ਗਏ ਮੁਲਾਜ਼ਮਾਂ 'ਤੇ ਹੀ ਪੈ ਰਿਹਾ ਹੈ ਅਤੇ ਫੀਲਡ ਦਾ ਕੰਮ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ। ਇਥੋਂ ਤੱਕ ਕਿ ਮੁਲਾਜ਼ਮਾਂ ਦੇ ਛੋਟੇ-ਛੋਟੇ ਬਕਾਏ ਵੀ ਨਹੀਂ ਦਿੱਤੇ ਜਾ ਰਹੇ।
ਮੁਲਾਜ਼ਮ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਤਨਖ਼ਾਹ ਜਾਰੀ ਨਹੀਂ ਹੁੰਦੀ, ਉਦੋਂ ਤੱਕ ਅਦਾਰੇ ਦਾ ਸਮੁੱਚਾ ਕੰਮ ਠੱਪ ਰਹੇਗਾ ਅਤੇ ਸਰਕਲ ਅੱਗੇ ਦਿਨ ਭਰ ਰੋਜ਼ਾਨਾ ਧਰਨਾ ਦਿੱਤਾ ਜਾਵੇਗਾ। ਅੱਜ ਦੇ ਧਰਨੇ ਨੂੰ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ-ਚੰਡੀਗੜ੍ਹ ਦੇ ਸੂਬਾ ਸਕੱਤਰ ਸਤੀਸ਼ ਰਾਣਾ, ਹਰੀ ਕਿਸ਼ਨ, ਰਾਜ ਕੁਮਾਰ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਸੁੱਖ ਰਾਮ, ਪਰਮਜੀਤ ਸਿੰਘ, ਵਿਸ਼ਾਲ ਠਾਕੁਰ, ਕੁਲਵਿੰਦਰ ਕੁਮਾਰ, ਗਰੀਬ ਦਾਸ, ਰਾਕੇਸ਼ ਕੁਮਾਰ, ਅਮਰਜੀਤ ਸਿੰਘ, ਕੁਲਬਹਾਦਰ ਆਦਿ ਤੋਂ ਇਲਾਵਾ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਅਤੇ ਪੈਨਸ਼ਨਰਜ਼ ਯੂਨੀਅਨ ਦੇ ਆਗੂ ਬਲਬੀਰ ਸਿੰਘ ਸੈਣੀ ਨੇ ਵੀ ਸੰਬੋਧਨ ਕੀਤਾ।
ਮਾਹਿਲਪੁਰ, (ਜ.ਬ.)-ਪੰਜਾਬ ਜਲ ਸਰੋਤ ਐਕਸ਼ਨ ਕਮੇਟੀ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਸਬ-ਡਵੀਜ਼ਨ ਮਾਹਿਲਪੁਰ ਦਫ਼ਤਰ ਅੱਗੇ ਮੱਖਣ ਸਿੰਘ ਲੰਗੇਰੀ ਅਤੇ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ 2 ਮਹੀਨਿਆਂ ਦੀ ਤਨਖ਼ਾਹ ਨਾ ਮਿਲਣ ਕਾਰਨ ਦਫ਼ਤਰੀ ਅਤੇ ਫੀਲਡ ਦਾ ਕੰਮ ਬੰਦ ਕਰ ਕੇ ਸ਼ੁਰੂ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਰਹੀ।
ਪੰਜਾਬ ਸਰਕਾਰ ਅਤੇ ਮੈਨੇਜਮੈਂਟ ਕਮੇਟੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ 2 ਮਹੀਨਿਆਂ ਦੀ ਤਨਖ਼ਾਹ ਨੂੰ ਲੈ ਕੇ ਅੱਜ 6ਵੇਂ ਦਿਨ ਵੀ ਸਮੁੱਚੇ ਵਿਭਾਗ ਵੱਲੋਂ ਆਪਣਾ ਕੰਮ ਬੰਦ ਕਰ ਕੇ ਅਦਾਰੇ ਦੇ ਵੱਖ-ਵੱਖ ਦਫ਼ਤਰਾਂ ਅੱਗੇ ਰੋਸ ਰੈਲੀਆਂ ਕਰਨ ਦੇ ਬਾਵਜੂਦ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਨਖ਼ਾਹ ਨਾ ਮਿਲਣ ਕਾਰਨ ਮੁਲਾਜ਼ਮ ਆਰਥਿਕ ਤੰਗੀ ਕਾਰਨ ਆਪਣੇ ਬੱਚਿਆਂ ਦੇ ਸਕੂਲ-ਕਾਲਜ ਦੀਆਂ ਫ਼ੀਸਾਂ ਅਤੇ ਉਨ੍ਹਾਂ ਦੇ ਹੋਰ ਖਰਚੇ ਦੇਣ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਨੇ ਉਨ੍ਹਾਂ ਨਾਲ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਸੀ ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ। ਉਨ੍ਹਾਂ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸ ਨੇ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਅਤੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਤਨਖ਼ਾਹਾਂ ਨਾ ਮਿਲੀਆਂ ਤਾਂ 15 ਮਾਰਚ ਨੂੰ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਮਿਤ ਸਰੀਨ, ਜਸਵਿੰਦਰ ਸਿੰਘ, ਪਰਮਜੀਤ ਬਬਲੀ, ਸੋਹਣ ਸਿੰਘ ਭੂੰਨੋਂ, ਕੁਲਦੀਪ ਸਿੰਘ, ਭਾਗ ਸਿੰਘ, ਜਸਵਿੰਦਰ ਪਾਲ, ਚਮਨ ਲਾਲ, ਲਾਲ ਚੰਦ, ਭੂਸ਼ਨ ਸਿੰਘ, ਮਨਜਿੰਦਰ ਸਿੰਘ, ਨਵਜੋਤ ਸਿੰਘ, ਹਰਵਿੰਦਰ ਕੁਮਾਰ, ਰਾਮ ਪਾਲ, ਮੋਹਣ ਲਾਲ ਕੈਂਡੋਵਾਲ, ਪ੍ਰਵੀਨ ਕੁਮਾਰ, ਪ੍ਰਦੀਪ ਸਿੰਘ ਜੇ. ਈ., ਹਰਸਿਮਰਨ ਸਿੰਘ ਜੇ. ਈ., ਰਜਿੰਦਰ ਕੁਮਾਰ, ਲਾਲ ਚੰਦ, ਕੁਲਵੰਤ ਕੌਰ, ਜੈ ਨਾਥ, ਬਿਮਲਾ ਦੇਵੀ ਆਦਿ ਹਾਜ਼ਰ ਸਨ।