ਕਾਂਗਰਸ ਤੇ ‘ਆਪ’ ਦੇ ਅਲਾਇੰਸ ਪਾਰਟਨਰ ਬਣਨ ਨਾਲ ਭੰਬਲਭੂਸੇ ’ਚ ਪਏ ਕਾਂਗਰਸੀ ਵਰਕਰ

Thursday, Jul 20, 2023 - 06:53 PM (IST)

ਕਾਂਗਰਸ ਤੇ ‘ਆਪ’ ਦੇ ਅਲਾਇੰਸ ਪਾਰਟਨਰ ਬਣਨ ਨਾਲ ਭੰਬਲਭੂਸੇ ’ਚ ਪਏ ਕਾਂਗਰਸੀ ਵਰਕਰ

ਪਠਾਨਕੋਟ (ਸ਼ਾਰਦਾ) : ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੇ ਨਾਂ ’ਤੇ ਰਾਸ਼ਟਰੀ ਪੱਧਰ ’ਤੇ ਬਣੇ ਗਠਜੋੜ ’ਚ ਜ਼ਮੀਨੀ ਪੱਧਰ ’ਤੇ ਬਹੁਤ ਹੀ ਅਜੀਬੋ-ਗਰੀਬ ਹਾਲਾਤ ਬਣਨੇ ਸ਼ੁਰੂ ਹੋ ਗਏ ਹਨ। ਕੌਮੀ ਪੱਧਰ ’ਤੇ ਭਾਵੇਂ ਕਾਂਗਰਸ ਪਾਰਟੀ ਨੂੰ ਇਸ ਗਠਜੋੜ ਦਾ ਫਾਇਦਾ ਹੋ ਸਕਦਾ ਹੈ ਪਰ ਪੰਜਾਬ ’ਚ ਇਹ ਕਾਂਗਰਸ ਲਈ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਆਉਣ ਵਾਂਗ ਹੈ। ਕਾਂਗਰਸੀ ਵਰਕਰ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ’ਚ ਹਨ ਕਿ ਵਿਧਾਨ ਸਭਾ ਚੋਣਾਂ ਦੇ ਸਮੇਂ ਤੋਂ ਹੀ ਪਾਰਟੀ ’ਤੇ ਚੱਲ ਰਹੀ ਸਾੜਸਤੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਚੋਣਾਂ ਤੋਂ ਪਹਿਲਾਂ ਹੀ ਪਾਰਟੀ ’ਚ ਫੁੱਟ ਪੈਣੀ ਸ਼ੁਰੂ ਹੋ ਗਈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸੀਆਂ ਨੇ ਪਾਰਟੀ ਛੱਡ ਦਿੱਤੀ ਅਤੇ ਇਹ ਸਿਲਸਿਲਾ ਅੱਜ ਤਕ ਜਾਰੀ ਹੈ ਅਤੇ ਹੁਣ ਹਿੰਦੂ ਨੇਤਾ ਅਸ਼ਵਨੀ ਸੇਖੜੀ ਵੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ’ਚ ਸ਼ਾਮਲ ਹੋ ਗਏ ਹਨ। ਹੁਣ ਕਾਂਗਰਸ ਤੋਂ ਭਾਜਪਾ ’ਚ ਗਏ ਸੁਨੀਲ ਜਾਖੜ ਨੇ ਭਾਜਪਾ ਦਾ ਸੂਬਾ ਪ੍ਰਧਾਨ ਬਣ ਕੇ ਵੱਡਾ ਸਿਆਸੀ ਧਮਾਕਾ ਕਰ ਦਿੱਤਾ ਹੈ ਪਰ ਕਾਂਗਰਸ ਲਈ ਸੰਘਰਸ਼ ਕਰ ਰਹੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਪੂਰੀ ਮਿਹਨਤ ਨਾਲ ਇਸ ਗੱਲ ਲਈ ਯਤਨ ਕਰ ਰਹੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਲੋਕ ਸਭਾ ਚੋਣਾਂ ’ਚ ਕਾਂਗਰਸ ਚੰਗਾ ਪ੍ਰਦਰਸ਼ਨ ਕਰੇ ਅਤੇ ਆਪਣੀ ਵਾਪਸੀ ਦਾ ਰਾਹ ਪੱਧਰਾ ਕਰਨ ਲਈ ਸਖ਼ਤ ਮਿਹਨਤ ਕਰੇ। ਉਨ੍ਹਾਂ ਦੇ ਨਿਰਦੇਸ਼ਾਂ ’ਚ ਕਾਂਗਰਸੀ ਵਰਕਰ ਇਸ ਕੰਮ ’ਚ ਜੁੱਟਦੇ ਨਜ਼ਰ ਆਏ, ਭਾਵੇਂ ਜਲੰਧਰ ’ਚ ਹੋਈ ਅਣਕਿਆਸੀ ਹਾਰ ਨੇ ਕਾਂਗਰਸ ਨੂੰ ਕਾਫੀ ਹੱਦ ਤੱਕ ਨਿਰਾਸ਼ ਕੀਤਾ ਹੈ। ਨਵੇਂ ਘਟਨਾਕ੍ਰਮ ਤੋਂ ਬਾਅਦ ਹੁਣ ਅਗਲੇ ਕੁਝ ਮਹੀਨਿਆਂ ’ਚ ਪੰਜਾਬ ’ਚ ਕਾਂਗਰਸ ਪੂਰੀ ਤਰ੍ਹਾਂ ਬੈਕਫੁੱਟ ’ਤੇ ਆ ਜਾਵੇਗੀ। ਇਥੇ ਇਕ ਪਾਸੇ ਉਨ੍ਹਾਂ ਦੇ ਦਿੱਗਜ਼ ਆਗੂ ਇਕ-ਇਕ ਕਰ ਕੇ ਜੇਲ ਜਾ ਰਹੇ ਹਨ ਅਤੇ ਭ੍ਰਿਸ਼ਟਾਚਾਰ ’ਤੇ ਸਰਕਾਰ ਦੇ ਹਮਲੇ ਨੂੰ ਝੱਲਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਉਪਰੋਂ ਇਸ ਗਠਜੋੜ ਤੋਂ ਬਾਅਦ ਵਰਕਰਾਂ ਨੇ ਚਰਚਾ ਸ਼ੁਰੂ ਕਰ ਦਿੱਤੀ ਹੈ ਕਿ ਕੌਮੀ ਪੱਧਰ ’ਤੇ ਬਣੇ ਇਸ ਗਠਜੋੜ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਦੀ ਸਥਿਤੀ ਕੀ ਹੋਵੇਗੀ। ਇਸ ਬਾਰੇ ਸੋਚਣ ਦਾ ਦੌਰ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ ਦੌਰਾਨ ਮੰਤਰੀ ਮੀਤ ਹੇਅਰ ਵੱਲੋਂ ਸਮੀਖਿਆ ਮੀਟਿੰਗ, ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼

ਭਾਜਪਾ ਅਤੇ ਅਕਾਲੀ ਦਲ ਆ ਸਕਦੇ ਹਨ ਵਿਰੋਧੀ ਧਿਰ ਦੀ ਭੂਮਿਕਾ ’ਚ
ਸੁਨੀਲ ਜਾਖੜ ਨੂੰ ਭਾਜਪਾ ਦਾ ਪ੍ਰਧਾਨ ਬਣੇ ਕੁਝ ਦਿਨ ਹੀ ਹੋਏ ਹਨ ਪਰ ਉਨ੍ਹਾਂ ਦੀ ਕਿਸਮਤ ਇਸ ਗੱਲ ਦੇ ਲਈ ਅਨੁਕੂਲ ਜਾਪਦੀ ਹੈ ਕਿ ਉਨ੍ਹਾਂ ਨੂੰ ਕੁਝ ਹੀ ਸਮੇਂ ਵਿੱਚ ਅਜਿਹਾ ਮੌਕਾ ਮਿਲ ਗਿਆ, ਜਦੋਂ ਉਹ ਪਾਰਟੀ ਨੂੰ ਮੁੱਖ ਵਿਰੋਧੀ ਧਿਰ ਬਣਾਉਣ ਦੀ ਸਥਿਤੀ ਵੱਲ ਵਧ ਸਕਦੇ ਹਨ। ਇਸ ਤੋਂ ਪਹਿਲਾਂ ਕਾਂਗਰਸ ਪੂਰੀ ਦ੍ਰਿੜਤਾ ਨਾਲ ਸਰਕਾਰ ’ਤੇ ਹਮਲੇ ਕਰਦੀ ਸੀ। ਹੁਣ ਸਥਿਤੀ ਬਦਲ ਜਾਵੇਗੀ। ਜੇਕਰ ਭਾਜਪਾ ਹੋਰ ਕਾਂਗਰਸੀਆਂ ਨੂੰ ਆਪਣੇ ਨਾਲ ਲਿਆਉਣ ਵਿਚ ਕਾਮਯਾਬ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਕਾਂਗਰਸ ਦਾ ਕੇਡਰ ਵੀ ਭਾਜਪਾ ਵੱਲ ਆਕਰਸ਼ਿਤ ਹੁੰਦਾ ਹੈ ਤਾਂ ਇਸ ਦੇ ਦੂਰਗਾਮੀ ਨਤੀਜੇ ਵੀ ਸਾਹਮਣੇ ਆ ਸਕਦੇ ਹਨ। ਅਕਾਲੀ ਦਲ ਦਾ ਵੀ ਇਹੀ ਹਾਲ ਹੈ ਕਿ ਕਾਂਗਰਸ ਵੱਲੋਂ ਬਣਾਏ ਜਾਣ ਵਾਲੇ ਸਿਆਸੀ ਅਕਸ ਦਾ ਫਾਇਦਾ ਅਕਾਲੀ ਦਲ ਕਿਵੇਂ ਉਠਾ ਸਕਦਾ ਹੈ। ਖਾਸ ਕਰ ਕੇ ਪੇਂਡੂ ਖੇਤਰ ’ਚ ਜੇਕਰ ਕੋਈ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੈ ਤਾਂ ਉਹ ਉਨ੍ਹਾਂ ਨਾਲ ਜੁੜ ਸਕਦਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵੰਬਰ ’ਚ ਪੰਚਾਇਤ ਅਤੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਕਮੇਟੀਆਂ ਦੀਆਂ ਚੋਣਾਂ ਹੋਣੀਆਂ ਹਨ, ਇਸ ’ਚ ਕੋਈ ਸ਼ੱਕ ਨਹੀਂ ਕਿ ਸੱਤਾ ਵਿਚ ਆਈ ਪਾਰਟੀ ਦੇ ਸਰਪੰਚ, ਪੰਚ ਵੱਡੀ ਗਿਣਤੀ ਵਿਚ ਜਿੱਤ ਦੇ ਆਉਂਦੇ ਹਨ। ਕਾਂਗਰਸ ਕੋਲੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਸਖ਼ਤ ਟੱਕਰ ਦੇ ਸਕੇਗੀ। ਹੁਣ ਕੀ ਸਥਿਤੀ ਬਣਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਮੌਕੇ ਦਾ ਭਾਜਪਾ ਅਤੇ ਅਕਾਲੀ ਦਲ ਵੀ ਫਾਇਦਾ ਉਠਾ ਸਕਦਾ ਹੈ ਅਤੇ ਆਪਣੀ ਵਿਚਾਰਧਾਰਾ ਦੇ ਲੋਕਾਂ ਨੂੰ ਜੇਤੂ ਬਣਾ ਸਕਦਾ ਹੈ।

ਇਹ ਵੀ ਪੜ੍ਹੋ : ਹੜ੍ਹਾਂ ਤੋਂ ਬਾਅਦ ਪਟਿਆਲਾ ਵਾਸੀਆਂ ਲਈ ਨਵੀਂ ਮੁਸੀਬਤ, ਸਿਹਤ ਵਿਭਾਗ ਨੇ ਦਿੱਤੀ ਚਿਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News