ਮੀਂਹ ਕਾਰਨ ਗਰੀਬ ਪਰਿਵਾਰ ਦਾ ਕੱਚਾ ਮਕਾਨ ਡਿੱਗਾ
Saturday, Aug 12, 2017 - 12:09 AM (IST)

ਪਠਾਨਕੋਟ, (ਸ਼ਾਰਦਾ, ਮਨਿੰਦਰ)- ਨਗਰ ਨਾਲ ਲੱਗਦੇ ਅਤੇ ਸੁਜਾਨਪੁਰ ਹਲਕੇ ਅਧੀਨ ਆਉਂਦੇ ਪਿੰਡ ਫੰਗਤੋਲੀ 'ਚ ਪਿਛਲੇ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਇਕ ਗਰੀਬ ਪਰਿਵਾਰ ਦਾ 2 ਕਮਰਿਆਂ ਵਾਲਾ ਕੱਚਾ ਮਕਾਨ ਡਿੱਗ ਜਾਣ ਦਾ ਸਮਾਚਾਰ ਹੈ। ਹਾਲਾਂਕਿ ਹਾਦਸੇ ਸਮੇਂ ਪ੍ਰਭਾਵਿਤ ਪਰਿਵਾਰ ਦੇ ਮੈਂਬਰਾਂ ਦੀਆਂ ਜ਼ਿੰਦਗੀਆਂ ਵਾਲ-ਵਾਲ ਬਚ ਗਈਆਂ।
ਇਸ ਸੰਬੰਧ 'ਚ ਪ੍ਰਭਾਵਿਤ ਪਰਿਵਾਰ ਦੇ ਕਰਨ ਸਿੰਘ ਪੁੱਤਰ ਕੇਸਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਇਕ ਲੜਕੇ ਨਾਲ ਕੱਚੇ ਮਕਾਨ 'ਚ ਰਹਿੰਦੇ ਹਨ। ਅੱਜ ਸਵੇਰੇ ਤੜਕੇ 5.45 ਵਜੇ ਅਚਾਨਕ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ। ਅੱਖਾਂ ਖੁੱਲ੍ਹਣ 'ਤੇ ਉਸ ਨੇ ਦੇਖਿਆ ਕਿ ਉਨ੍ਹਾਂ ਦੇ ਕਮਰੇ 'ਚ ਪਾਣੀ ਭਰਿਆ ਪਿਆ ਸੀ। ਇਹ ਦੇਖ ਕੇ ਉਸ ਨੇ ਤੁਰੰਤ ਆਪਣੀ ਪਤਨੀ ਅਤੇ ਦੂਸਰੇ ਕਮਰੇ 'ਚ ਸੌਂ ਰਹੇ ਲੜਕੇ ਨੂੰ ਜਗਾਇਆ ਅਤੇ ਬਾਹਰ ਨਿਕਲਣ ਨੂੰ ਕਿਹਾ। ਕਰਨ ਅਨੁਸਾਰ ਜਿਵੇਂ ਹੀ ਉਹ ਬਾਹਰ ਨਿਕਲ ਕੇ ਆਏ ਤਾਂ ਦੇਖਦੇ ਹੀ ਦੇਖਦੇ ਉਨ੍ਹਾਂ ਦਾ ਮਕਾਨ ਡਿੱਗ ਗਿਆ, ਜਿਸ ਨਾਲ ਉਨ੍ਹਾਂ ਦੀ ਜਾਨ ਤਾਂ ਬਚ ਗਈ ਪਰ ਸਾਰਾ ਸਾਮਾਨ ਤਹਿਸ-ਨਹਿਸ ਹੋ ਗਿਆ, ਜਿਸ 'ਚ ਕਮਰਿਆਂ ਵਿਚ ਲੱਗੇ 2 ਬੈੱਡ, 1 ਪੇਟੀ, 3 ਬਕਸੇ, ਅਲਮਾਰੀ, ਟੀ.ਵੀ., 2 ਪੱਖੇ ਆਦਿ ਸਾਰਾ ਸਾਮਾਨ ਮਕਾਨ ਦੇ ਮਲਬੇ ਥੱਲੇ ਆ ਗਿਆ।
ਉਸ ਨੇ ਦੱਸਿਆ ਕਿ ਉਨ੍ਹਾਂ ਦਾ ਲਗਭਗ 4 ਲੱਖ ਦਾ ਨੁਕਸਾਨ ਹੋ ਗਿਆ ਹੈ। ਉਹ ਦਿਹਾੜੀ ਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਹੀ ਕਮਜ਼ੋਰ ਹੈ, ਇਸ ਲਈ ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਦੀ ਮਦਦ ਕੀਤੀ ਜਾਵੇ।