ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਤਰਾਜ਼, 20 ਰੀਚਾਰਜ ਵੈੱਲਾਂ ’ਤੇ ਲਾਈ ਰੋਕ

08/22/2018 12:27:30 AM

ਪਟਿਆਲਾ, (ਬਲਜਿੰਦਰ)- ਲਗਾਤਾਰ ਡਿਗਦੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਰੋਕਣ ਲਈ ਨਗਰ ਨਿਗਮ ਵੱਲੋਂ ਜਿਹਡ਼ੇ ਸ਼ਹਿਰ ਵਿਚ ਬਾਰਿਸ਼ ਦੇ ਪਾਣੀ ਮੁਡ਼ ਜ਼ਮੀਨ ਵਿਚ ਪਹੁੰਚਾਉਣ ਲਈ  ਰੀਚਾਰਜ ਵੈੱਲ ਬਣਾਉਣ ਦੀ ਯੋਜਨਾ ਬਣਾਈ ਗਈ ਸੀ, ਉਸ ਅਨੁਸਾਰ ਨਗਰ ਨਿਗਮ ਵੱਲੋਂ ਸਰਕਾਰ ਤੋਂ 20 ਰਿਚਾਰਜ ਵੈੱਲ ਮਨਜ਼ੂਰ ਕਰਵਾ ਲਏ ਗਏ ਸਨ ਪਰ ਉਨ੍ਹਾਂ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਤਰਾਜ਼ ਹੈ,  ਇਸ  ਲਈ ਇਨ੍ਹਾਂ  ’ਤੇ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਬਾਅਦ ਨਿਗਮ ਦੀ ਇਹ ਯੋਜਨਾ ਮੁਡ਼ ਠੰਡੇ ਬਸਤੇ ਵਿਚ ਚਲੀ ਗਈ।
ਨਗਰ ਨਿਗਮ ਵੱਲੋਂ ਰੀਚਾਰਜ ਵੈੱਲ ਮਨਜ਼ੂਰ ਕਰਵਾਉਣ ਤੋਂ ਬਾਅਦ ਜਦੋਂ ਮਨਜ਼ੂਰੀ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਭੇਜੇ ਗਏ ਤਾਂ ਉਨ੍ਹਾਂ ਆਪਣੀ ਮਨਜ਼ੂਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।  ਇਸ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਸਾਰੀਆਂ ਸਾਈਟਾਂ ਫਾਈਨਲ ਕਰ ਲਈਆਂ ਗਈਆਂ ਸਨ ਅਤੇ ਰੀਚਾਰਜ ਵੈੱਲ ਲਾਉਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ। 
 45 ਲੱਖ ਰੁਪਏ ਕਰਵਾਏ ਸਨ ਮਨਜ਼ੂਰ
 ਨਗਰ ਨਿਗਮ ਵੱਲੋਂ ਬਰਸਾਤਾਂ ਦੇ ਪਾਣੀ ਨੂੰ ਰਿਚਾਰਜ ਕਰਨ ਲਈ ਅਤੇ ਸਡ਼ਕਾਂ ਤੇ ਨੀਵੇਂ ਇਲਾਕਿਆਂ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਰੀਚਾਰਜ ਵੈੱਲ ਲਾਉਣ ਦੀ ਯੋਜਨਾ ਬਣਾਈ ਗਈ ਸੀ। ਇਸ ਅਨੁਸਾਰ ਸਰਵੇ ਕਰਨ ਤੋਂ ਬਾਅਦ 20 ਥਾਵਾਂ ਦੀ ਪਛਾਣ ਕੀਤੀ ਗਈ ਸੀ, ਜਿੱਥੇ ਰੀਚਾਰਜ ਵੈੱਲ ਲਾਏ ਜਾਣੇ ਸਨ। ਇਸ ਦੀ ਪੰਜਾਬ ਸਰਕਾਰ ਤੋਂ ਮਨਜ਼ੂਰੀ ਲੈ ਕੇ 45 ਲੱਖ ਰੁਪਏ ਮਨਜ਼ੂਰ ਵੀ ਕਰਵਾ ਲਏ ਗਏ ਸਨ। ਨਿਗਮ ਅਨੁਸਾਰ ਇਕ ਰੀਚਾਰਜ ਵੈੱਲ ਲਈ 2 ਲੱਖ 25 ਹਜ਼ਾਰ ਰੁਪਏ ਦਾ ਖਰਚਾ ਆਉਣਾ ਸੀ ਪਰ ਹੁਣ ਨਿਗਮ ਦੀ ਇਹ ਯੋਜਨਾ ਧਰੀ-ਧਰਾਈ ਰਹਿ ਗਈ। 
ਪੁਰਾਣੇ ਰੀਚਾਰਜ ਵੈੈੱਲ ਵੀ ਖਤਮ ਹੋਣ ਕਿਨਾਰੇ
 ਨਗਰ ਨਿਗਮ ਵੱਲੋਂ ਜਿਹਡ਼ੇ ਸਾਲ 2000 ਵਿਚ ਉਸ ਸਮੇਂ ਦੇ ਕਮਿਸ਼ਨਰ ਸ਼੍ਰੀ ਕੇ. ਐੈੱਸ. ਕੰਗ ਵੱਲੋਂ ਕਈ ਥਾਵਾਂ ’ਤੇ ਰਿਚਾਰਜ ਵੈੱਲ ਬਣਾਏ ਗਏ ਸਨ, ਉਹ ਵੀ ਖਤਮ ਹੋਣ ਕਿਨਾਰੇ ਆ ਗਏ ਹਨ ਕਿਉਂਕਿ ਉਸ ਤੋਂ ਬਾਅਦ ਉਨ੍ਹਾਂ ਦੀ ਕਦੇ ਵੀ ਸਫਾਈ ਨਹੀਂ ਹੋਈ। ਲਗਭਗ ਇੱਕਾ-ਦੁੱਕਾ ਨੂੰ ਛੱਡ ਕੇ ਉਹ ਰੀਚਾਰਜ ਵੈੈੱਲ ਬੰਦ ਹੋ ਗਏ ਹਨ। 
ਕੀ ਕਹਿੰਦੇ ਹਨ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ?
 ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਬੁਲਾਰੇ ਡਾ. ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਬਰਸਾਤੀ ਪਾਣੀ  ਛੱਤਾਂ ਅਤੇ ਪਾਰਕਾਂ ਦਾ ਹੀ ਰੀਚਾਰਜ ਕਰਨ ਦੇ ਕਾਬਲ ਹੁੰਦਾ ਹੈ। ਸਡ਼ਕਾਂ ਅਤੇ ਗੰਦੀਆਂ ਥਾਵਾਂ ਦੇ ਪਾਣੀ ਨੂੰ ਮੁਡ਼ ਜ਼ਮੀਨ ਵਿਚ ਨਹੀਂ ਭੇਜਿਆ ਜਾ ਸਕਦਾ ਕਿਉਂਕਿ ਇਨ੍ਹਾਂ ਵਿਚ ਕਈ ਤਰ੍ਹਾਂ ਦੇ ਕੈਮੀਕਲ ਤੋਂ ਇਲਾਵਾ ਕਈ ਧਾਤਾਂ ਤੇ ਹੋਰ ਪਦਾਰਥ ਜ਼ਮੀਨ ਵਿਚ ਜਾਂਦੇ ਹਨ। ਇਹੀ ਕਾਰਨ ਹੈ ਕਿ ਨਗਰ ਨਿਗਮ ਵੱਲੋਂ ਜਿਹਡ਼ੇ ਰੀਚਾਰਜ ਵੈੱਲ ਲਾਉਣ ਦੀ ਮਨਜ਼ੂਰੀ ਮੰਗੀ ਗਈ ਸੀ, ਉਸ ਤੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਫ ਇਨਕਾਰ ਕਰ ਦਿੱਤਾ ਹੈ। 
ਬੋਰਡ ਨੂੰ ਕੀ ਇਤਰਾਜ਼?
 ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਕਹਿ ਕੇ ਰੀਚਾਰਜ ਵੈੱਲ ਲਾਉਣ ਨੂੰ ਮਨਜ਼ੂਰੀ ਨਹੀਂ ਦਿੱਤੀ ਕਿ ਜਿਹਡ਼ੀ ਯੋਜਨਾ ਨਗਰ ਨਿਗਮ ਦੀ ਰੀਚਾਰਜ ਵੈੈੱਲ ਲਾਉਣ ਦੀ ਹੈ, ਉਨ੍ਹਾਂ ਵਿਚ ਸਡ਼ਕਾਂ  ਅਤੇ ਸੀਵਰੇਜ ਦਾ ਗੰਦਾ ਪਾਣੀ ਧਰਤੀ ਵਿਚ ਜਾਵੇਗਾ।
 ਇਸ ਨਾਲ ਹੋਰ ਪ੍ਰਦੂਸ਼ਣ ਵਧਣ ਦੀ ਸੰਭਾਵਨਾ  ਹੈ ਕਿਉਂਕਿ ਸਡ਼ਕਾਂ ’ਤੇ ਕਈ ਤਰ੍ਹਾਂ ਦੇ ਟਾਇਰਾਂ ਅਤੇ ਹੋਰ ਚੀਜ਼ਾਂ ਨਾਲ ਰਗਡ਼ ਕੇ ਕੈਮੀਕਲ ਵੀ ਬਣੇ ਹੋਏ ਹਨ, ਜੋ ਸਿੱਧੇ ਤੌਰ ’ਤੇ ਜ਼ਮੀਨ ਵਿਚ ਜਾਣਗੇ। ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਨਗਰ ਨਿਗਮ ਨੂੰ ਕੋਈ ਯੋਜਨਾ ਬਣਾ ਕੇ ਇਸ ਪਾਣੀ ਨੂੰ ਸਿੰਚਾਈ ਲਈ ਪ੍ਰਯੋਗ ਕਰਨ ਦੀ ਰਾਏ ਦਿੱਤੀ ਗਈ ਹੈ। ਜਿੱਥੋਂ ਤੱਕ ਰੀਚਾਰਜ ਵੈੱਲਾਂ ਦਾ ਸਵਾਲ ਹੈ, ਉਹ ਸਿਰਫ ਪਾਰਕਾਂ ਜਿੱਥੇ ਸਾਫ-ਸੁਥਰਾ ਪਾਣੀ ਰੀਚਾਰਜ ਵੈੱਲ ਵਿਚ ਜਾ ਰਿਹਾ ਹੈ ਜਾਂ ਫਿਰ ਵੱਡੀਆਂ ਬਿਲਡਿੰਗਾਂ ਦੀਆਂ ਛੱਤਾਂ ਦੇ ਬਰਸਾਤੀ ਪਾਣੀ ਨੂੰ ਹੀ ਰੀਚਾਰਜ ਵੈੱਲ ਵਿਚ ਸੁੱਟਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। 


 


Related News