ਪਰਚਿਆਂ ਦੀ ਰਾਜਨੀਤੀ ਕੌਡ਼ੇ ਸੱਚ ਨੂੰ ਹੋਰ ਉਭਾਰੇਗੀ : ਬਰਿੰਦਰ ਢਿੱਲੋਂ
Thursday, Jun 25, 2020 - 09:04 PM (IST)
ਸ਼੍ਰੀ ਅਨੰਦਪੁਰ ਸਾਹਿਬ, (ਸ਼ਮਸ਼ੇਰ ਡੂਮੇਵਾਲ)- ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਬੀਤੇ ਦਿਨੀ ਫਿਲਮ ਨਿਰਮਾਤਾ ਦਿਲਜੀਤ ਦੁਸਾਂਝ ਅਤੇ ਜੈਜ਼ੀ ਬੈਂਸ ’ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਫਿਲਮਾਂ ਅਤੇ ਗਾਇਕੀ ਜ਼ਰੀਏ ਖਾਲਿਸਤਾਨ ਦੇ ਮੁੱਦੇ ਨੂੰ ਉਭਾਰਨ ਦਾ ਯਤਨ ਕੀਤਾ ਹੈ, ਜਿਸ ਨੂੰ ਲੈ ਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਸਬੰਧੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਤਰਕ ਦਿੱਤਾ ਹੈ ਕਿ ਸਾਨੂੰ ਗਾਇਕਾਂ ’ਤੇ ਪਰਚੇ ਕਰਵਾ ਕੇ ਪਰਚਾ ਕਰਨ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਪਰਚਿਆਂ ਦੀ ਰਾਜਨੀਤੀ ਕੌੜੇ ਸੱਚ ਨੂੰ ਹੋਰ ਉਭਾਰੇਗੀ। ਅਸੀਂ ਖਾਲਿਸਤਾਨ ਬਣਾਉਣ ਦੇ ਹੱਕ ’ਚ ਨਾ ਪਹਿਲਾਂ ਸੀ ਨਾ ਹੁਣ ਹਾਂ ਪਰ ਇਨ੍ਹਾਂ ਮਸਲਿਆਂ ਨੂੰ ਗੈਰ ਇਖਲਾਕੀ ਰਾਜਨੀਤੀ ਨਾਲ ਜੋਡ਼ਨਾ ਪਾਰਟੀ ਦੀ ਸਿਧਾਂਤਕ ਰਾਜਨੀਤੀ ਦੇ ਉਲਟ ਹੈ।
1984 ਦਾ ਦੁਖਾਂਤ, ਜਿਸ ਕਦਰ ਦਿਲਜੀਤ ਦੁਸਾਂਝ ਨੇ ਆਪਣੀ ਫਿਲਮ ’ਚ ਬਿਆਨ ਕੀਤਾ ਹੈ ਉਹ ਉਸ ਸਮੇਂ ਦਾ ਇਕ ਕੌਡ਼ਾ ਸੱਚ ਸੀ ਜਿਸ ਨੂੰ ਅਸੀਂ ਕਿਸੇ ਪੱਖੋਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਸ ਕਾਲੇ ਦੌਰ ਦੇ ਦੁਖਾਂਤ ਲਈ ਪੰਜਾਬ ਦੇ ਹੋਏ ਨੁਕਸਾਨ ਲਈ ਸਾਡੇ ਗਾਇਕ ਜਾਂ ਅਦਾਕਾਰ ਜ਼ਿੰਮੇਵਾਰ ਨਹੀਂ ਬਲਕਿ ਸਿੱਧੇ ਤੌਰ ’ਤੇ ਉਨ੍ਹਾਂ ਸਿਆਸੀ ਧਿਰਾਂ ਦੇ ਨੁਮਾਇੰਦੇ ਜ਼ਿੰਮੇਵਾਰ ਰਹੇ ਹਨ ਜੋ ਨਿੱਜੀ ਗਰਜਾਂ ਦੀ ਰਾਜਨੀਤੀ ਖੇਡ ਕੇ ਪੰਜਾਬ ਦੀ ਜਵਾਨੀ ਦਾ ਘਾਣ ਕਰਵਾਉਣ ਦੇ ਮਨਸੂਬੇ ਘਡ਼ਦੇ ਰਹੇ ਹਨ।
ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਦੌਰਾਨ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਾਨ ਦੇਣੀ ਪਈ ਜਦਕਿ ਬਾਦਲ ਪਰਿਵਾਰ ਦੇ ਫਰਜੰਦ ਉਸ ਵੇਲੇ ਵਿਦੇਸ਼ਾਂ ’ਚ ਐਸ਼ ਦੀ ਜ਼ਿੰਦਗੀ ਬਸਰ ਕਰਦੇ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਉਸ ਦੌਰ ਦੌਰਾਨ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਉਣ ’ਚ ਲੁਕਵਾਂ ਏਜੰਡਾ ਅਪਣਾਇਆ ਅਤੇ ਕੋਈ ਅਜਿਹੀ ਸਿਆਸੀ ਜਾਂ ਧਾਰਮਕ ਭੂਮਿਕਾ ਨਹੀਂ ਨਿਭਾਈ ਜੋ ਪੰਜਾਬ ਦੇ ਹਿੱਤ ’ਚ ਜਾਂਦੀ ਹੋਵੇ।