ਮਕਸੂਦਾਂ ਸਬਜ਼ੀ ਮੰਡੀ ''ਚ ਡਿਪਟੀ ਮੇਅਰ ਦੇ ਭਰਾ ਨੇ ਚਲਾਈ ਗੋਲੀ, ਪੁਲਸ ਨੇ ਕੀਤਾ ਇਨਕਾਰ

Wednesday, Mar 14, 2018 - 05:27 AM (IST)

ਜਲੰਧਰ, (ਮਹੇਸ਼)- ਮਕਸੂਦਾਂ ਸਬਜ਼ੀ ਮੰਡੀ ਵਿਚ ਮੰਗਲਵਾਰ ਸ਼ਾਮ 4 ਵਜੇ ਦੇ ਕਰੀਬ ਦੁਕਾਨ ਦੇ ਬਾਹਰ ਖੜ੍ਹੇ ਟਰੱਕ ਨੂੰ ਲੈ ਕੇ ਟਰੱਕ ਡਰਾਈਵਰਾਂ ਵਿਚ ਹੋਏ ਮਾਮੂਲੀ ਵਿਵਾਦ ਦੌਰਾਨ ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ ਦੇ ਭਰਾ ਸ਼ੈਂਟੀ ਵੱਲੋਂ ਗੋਲੀ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਉਥੇ ਸਥਿਤ ਸਾਰੇ ਦੁਕਾਨਦਾਰਾਂ ਵਿਚ ਹਫੜਾ-ਦਫੜੀ ਮਚ ਗਈ, ਭਾਵੇਂ ਇਸ ਦੌਰਾਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਇਹ ਵੀ ਕਿਹਾ ਜਾ ਰਿਹਾ ਸੀ ਕਿ ਡਿਪਟੀ ਮੇਅਰ ਦੇ ਭਰਾ ਨੇ ਆਪਣੀ ਪਿਸਤੌਲ ਨਾਲ ਦੋ ਹਵਾਈ ਫਾਇਰ ਕੀਤੇ ਹਨ। ਇਸ ਸਬੰਧ ਵਿਚ ਥਾਣਾ ਡਵੀਜ਼ਨ ਨੰ. 1 ਦੇ ਇੰਚਾਰਜ ਇੰਸਪੈਕਟਰ ਰਸ਼ਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਮਕਸੂਦਾਂ ਮੰਡੀ ਵਿਚ ਗੋਲੀ ਚੱਲਣ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਸਣੇ ਪੁਲਸ ਪਾਰਟੀ ਮੌਕੇ 'ਤੇ ਗਏ ਤੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਪਰ ਜਾਂਚ ਵਿਚ ਸਾਹਮਣੇ ਆਇਆ ਕਿ ਟਰੱਕ ਡਰਾਈਵਰਾਂ ਵਿਚ ਵਿਵਾਦ ਜ਼ਰੂਰ ਹੋਇਆ ਸੀ ਪਰ ਗੋਲੀ ਚਲਾਏ ਜਾਣ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ। ਜਿਸ ਕਾਰਨ ਪੁਲਸ ਨੇ ਇਸ ਸਬੰਧ ਵਿਚ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ। ਪੁਲਸ ਦਾ ਕਹਿਣਾ ਹੈ ਕਿ ਜੇਕਰ ਗੋਲੀ ਚੱਲੀ ਹੁੰਦੀ ਤਾਂ ਖੋਲ ਜ਼ਰੂਰ ਬਰਾਮਦ ਹੁੰਦੇ ਪਰ ਅਜਿਹਾ ਕੁਝ ਵੀ ਪੁਲਸ ਨੂੰ ਨਹੀਂ ਮਿਲਿਆ।
ਭਰਾ ਜੰਮੂ ਵਿਚ, ਗੋਲੀ ਕਿਵੇਂ ਚੱਲ ਗਈ-ਬੰਟੀ
ਮੌਕੇ 'ਤੇ ਪਹੁੰਚੇ ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਸ਼ੈਂਟੀ ਵੱਲੋਂ ਗੋਲੀ ਚਲਾਏ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਉਹ ਤਾਂ ਮਾਸੀ ਦੇ ਬੇਟੇ ਦੇ ਵਿਆਹ ਦੇ ਸਬੰਧ ਵਿਚ ਜੰਮੂ ਗਿਆ ਸੀ। ਉਨ੍ਹਾਂ ਇਥੋਂ ਤੱਕ ਕਿਹਾ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ। ਪੂਰੀ ਸੱਚਾਈ ਸਾਹਮਣੇ ਆ ਜਾਵੇਗੀ। 
ਸਿਆਸੀ ਦਬਾਅ ਹੇਠ ਨਹੀਂ ਕੀਤੀ ਕਾਰਵਾਈ
ਮਕਸੂਦਾਂ ਮੰਡੀ ਦੇ ਦੁਕਾਨਦਾਰਾਂ ਤੇ ਟਰੱਕ ਡਰਾਈਵਰਾਂ ਵਿਚ ਇਸ ਗੱਲ ਦੀ ਵੀ ਚਰਚਾ ਆਮ ਰਹੀ ਕਿ ਦੁਕਾਨ ਨੰ. 94 ਦੇ ਸਾਹਮਣੇ ਗੋਲੀ ਤਾਂ ਚੱਲੀ ਪਰ ਪੁਲਸ ਨੇ ਸਿਆਸੀ ਦਬਾਅ ਹੇਠ ਕੋਈ ਐਕਸ਼ਨ ਨਹੀਂ ਲਿਆ। ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 


Related News