ਹੋਲੀ ''ਤੇ ਹੁੜਦੰਗ ਮਚਾਉਣ ਵਾਲਿਆਂ ਨੂੰ ਪੁਲਸ ਨੇ ਖਦੇੜਿਆ
Sunday, Mar 04, 2018 - 06:26 AM (IST)
ਅੰਮ੍ਰਿਤਸਰ, (ਜਸ਼ਨ)- ਹੋਲੀ 'ਤੇ ਹੁੜਦੰਗ ਮਚਾਉਣ ਵਾਲਿਆਂ 'ਤੇ ਪੁਲਸ ਦੀ ਬਾਜ ਅੱਖ ਰਹੀ, ਜਿਨ੍ਹਾਂ ਨੂੰ ਖਦੇੜਨ ਤੇ ਉਨ੍ਹਾਂ 'ਤੇ ਕਾਰਵਾਈ ਕਰਨ ਲਈ ਪੁਲਸ ਅਤੇ ਟ੍ਰੈਫਿਕ ਪੁਲਸ ਪ੍ਰਸ਼ਾਸਨ ਨੇ ਜੋ ਪਲਾਨ ਬਣਾਇਆ ਸੀ, ਉਸ 'ਤੇ ਪੁਲਸ ਪ੍ਰਸ਼ਾਸਨ ਨੂੰ ਕਾਫ਼ੀ ਸਫਲਤਾ ਵੀ ਮਿਲੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਹੋਲੀ 'ਤੇ ਮਨਚਲੇ ਮੁੰਡਿਆਂ ਜੋ ਰਾਹ ਜਾਂਦੀਆਂ ਲੜਕੀਆਂ ਨੂੰ ਹੋਲੀ ਦੀ ਆੜ 'ਚ ਛੇੜਦੇ, ਨੂੰ ਖਦੇੜਨ ਲਈ ਜ਼ਿਲਾ ਟ੍ਰੈਫਿਕ ਅਤੇ ਪੁਲਸ ਪ੍ਰਸ਼ਾਸਨ ਨੇ ਮਿਲ ਕੇ ਇਕ ਵਿਸ਼ੇਸ਼ ਪਲਾਨ ਬਣਾਇਆ ਸੀ, ਜਿਸ ਤਹਿਤ ਗਲੀ-ਮੁਹੱਲਿਆਂ ਅਤੇ ਸੜਕਾਂ 'ਤੇ ਵਿਸ਼ੇਸ਼ ਤੌਰ 'ਤੇ ਨਾਕੇ ਅਤੇ ਪੁਲਸ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਸੀ। ਇਸ ਤੋਂ ਇਲਾਵਾ ਸਿਵਲ ਲਾਈਨ ਦੇ ਪਾਸ਼ ਇਲਾਕਿਆਂ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਵਿਸ਼ੇਸ਼ ਤੌਰ 'ਤੇ ਨਾਕਾਬੰਦੀ ਕਰਵਾਈ ਸੀ ਅਤੇ ਨਾਲ ਹੀ ਗਲੀ-ਮੁਹੱਲਿਆਂ 'ਚ ਹੁੜਦੰਗਿਆਂ ਨੂੰ ਫੜਨ ਲਈ ਟ੍ਰੈਪ ਵੀ ਲਾਏ ਸਨ।
ਥਾਣਾ ਸਿਵਲ ਲਾਈਨ ਪੁਲਸ ਦੇ ਇੰਚਾਰਜ ਐੱਸ. ਐੱਚ. ਓ. ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਹਰ ਵਾਰ ਸਿਵਲ ਲਾਈਨ ਖੇਤਰ ਵਿਚ ਖਾਸ ਤੌਰ 'ਤੇ ਇਸ ਸਬੰਧੀ ਸ਼ਿਕਾਇਤਾਂ ਆਉਂਦੀਆਂ ਸਨ ਕਿ ਕੁਝ ਮਨਚਲੇ ਨੌਜਵਾਨ ਹੋਲੀ ਦੀ ਆੜ 'ਚ ਲੜਕੀਆਂ ਨਾਲ ਛੇੜਛਾੜ ਕਰਦੇ ਹਨ ਅਤੇ ਉਨ੍ਹਾਂ ਨੂੰ ਆਂਡੇ ਤੱਕ ਮਾਰਦੇ ਹਨ। ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦਾ ਸਖਤ ਨੋਟਿਸ ਲੈਂਦਿਆਂ ਪੁਲਸ ਨੇ ਇਸ ਖੇਤਰਾਂ ਵਿਚ ਕਾਫ਼ੀ ਚੌਕਸੀ ਰੱਖੀ ਹੋਈ ਸੀ। ਸਿਵਲ ਲਾਈਨ ਇਲਾਕੇ 'ਚ ਸ਼ਾਇਦ ਹੀ ਕੋਈ ਅਜਿਹੀ ਲਿੰਕ ਰੋਡ ਰਹੀ ਹੋਵੇਗੀ, ਜਿਥੇ ਪੁਲਸ ਨਿਯੁਕਤ ਨਹੀਂ ਸੀ। ਇਸ ਤੋਂ ਇਲਾਵਾ ਡੀ. ਸੀ. ਪੀ. ਅਮਰੀਕ ਸਿੰਘ ਪਵਾਰ ਨੇ ਵੀ ਪੀ. ਸੀ. ਆਰ. ਦੀਆਂ ਟੀਮਾਂ ਨੂੰ ਪੈਟਰੋਲਿੰਗ ਦੇ ਵਿਸ਼ੇਸ਼ ਆਦੇਸ਼ ਜਾਰੀ ਕੀਤੇ ਸਨ, ਜਿਸ ਕਰ ਕੇ ਪੀ. ਸੀ. ਆਰ. ਟੀਮਾਂ ਨੇ ਵੀ ਮਨਚਲੇ ਨੌਜਵਾਨਾਂ ਨੂੰ ਖਦੇੜਨ 'ਚ ਕਾਫ਼ੀ ਅਹਿਮ ਭੂਮਿਕਾ ਨਿਭਾਈ। ਖਾਸ ਗੱਲ ਇਹ ਹੈ ਕਿ ਸਿਵਲ ਲਾਈਨ ਖੇਤਰ 'ਚ ਐੱਸ. ਐੱਚ. ਓ. ਇੰਸਪੈਕਟਰ ਸ਼ਿਵਦਰਸ਼ਨ ਸਿੰਘ ਆਪ ਵੀ ਦੇਰ ਸ਼ਾਮ ਤੱਕ ਫੀਲਡ ਵਿਚ ਰਹੇ।
ਪੁਲਸ ਚੌਕੀ ਸਬ-ਇੰਸਪੈਕਟਰ ਰੌਬਿਨ ਹੰਸ ਨੇ ਦੱਸਿਆ ਕਿ ਇਸ ਵਾਰ ਪੁਲਸ ਚੌਕੀ ਵੱਲੋਂ ਵੀ ਸਖਤ ਚੌਕਸੀ ਰੱਖੀ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਕਈ ਮਨਚਲੇ ਨੌਜਵਾਨਾਂ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਛੱਡਿਆ ਅਤੇ ਵਾਹਨਾਂ 'ਤੇ ਟ੍ਰਿਪਲਿੰਗ ਕਰਨ ਵਾਲਿਆਂ ਦੇ ਕੁਲ 14 ਚਲਾਨ ਵੀ ਕੱਟੇ। ਐੱਸ. ਐੱਚ. ਓ. ਸ਼ਿਵ ਦਰਸ਼ਨ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਨੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਦਿਆਂ ਮਹਿਲਾ ਅਧਿਕਾਰੀ ਕੁਲਦੀਪ ਕੌਰ ਨੇ ਕਈ ਮਨਚਲੇ ਨੌਜਵਾਨਾਂ ਨੂੰ ਫੜ ਕੇ ਉਨ੍ਹਾਂ ਦੇ ਚਲਾਨ ਕੱਟੇ। ਐੱਸ. ਐੱਚ. ਓ. ਨੇ ਕਿਹਾ ਕਿ ਇਸ ਤਿਉਹਾਰ ਨੂੰ ਸਫਾਈ ਨਾਲ ਮਨਾਉਣ ਲਈ ਜੋ ਪਲਾਨ ਬਣਾਇਆ ਗਿਆ ਸੀ, ਉਸ 'ਤੇ ਉਨ੍ਹਾਂ ਨੂੰ ਕਾਫ਼ੀ ਸਫਲਤਾ ਹਾਸਲ ਹੋਈ ਹੈ ਅਤੇ ਹੋਲੀ 'ਤੇ ਸਿਵਲ ਲਾਈਨ ਖੇਤਰ ਵਿਚ ਕੋਈ ਵੀ ਨਾਪਸੰਦ ਘਟਨਾ ਨਹੀਂ ਵਾਪਰੀ।
