ਕਾਬੂ ਦੋਸ਼ੀ ਨੂੰ ਪੁਲਸ ਨੇ ਨਾਟਕੀ ਢੰਗ ਨਾਲ ਛੱਡਿਆ

08/22/2017 7:33:29 AM

ਝਬਾਲ,   (ਹਰਬੰਸ ਲਾਲੂਘੁੰਮਣ)-  ਪਿੰਡ ਜਗਤਪੁਰਾ ਤੋਂ ਫੜੀ ਗਈ ਅਲਕੋਹਲ ਸਣੇ ਕਾਬੂ ਕੀਤੇ ਗਏ ਦੋ ਦੋਸ਼ੀਆਂ 'ਚੋਂ ਇਕ ਦੋਸ਼ੀ ਨੂੰ ਨਾਟਕੀ ਢੰਗ ਨਾਲ ਛੱਡੇ ਜਾਣ ਦਾ ਮਾਮਲਾ ਜਿੱਥੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਹੀ ਐਕਸਾਈਜ਼ ਵਿਭਾਗ ਵੱਲੋਂ ਵੀ ਉਕਤ ਮਾਮਲੇ 'ਤੇ ਥਾਣਾ ਝਬਾਲ ਦੀ ਪੁਲਸ ਤੋਂ ਜਵਾਬ-ਤਲਬੀ ਕਰਦਿਆਂ ਤਿੱਖਾ ਨੋਟਿਸ ਲਿਆ ਜਾ ਰਿਹਾ ਹੈ। 
ਗੌਰਤਲਬ ਹੈ ਕਿ ਥਾਣਾ ਝਬਾਲ ਦੀ ਪੁਲਸ ਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਪਿੰਡ ਜਗਤਪੁਰਾ ਵਿਖੇ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਦਿਆਂ 4 ਡਰੰਮ (800 ਲੀਟਰ) ਅਲਕੋਹਲ ਬਰਾਮਦ ਕਰਨ ਦੇ ਨਾਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਪਰ ਰਾਤੋ-ਰਾਤ ਪੁਲਸ ਵੱਲੋਂ ਉਕਤ ਮਾਮਲੇ 'ਚ ਕਾਬੂ ਕੀਤੇ ਗਏ ਇਕ ਦੋਸ਼ੀ ਨੂੰ ਨਾਟਕੀ ਢੰਗ ਨਾਲ ਛੱਡ ਦਿੱਤਾ ਗਿਆ ਹੈ। 
ਅਲਕੋਹਲ ਸਮੱਗਲਿੰਗ ਦੇ ਮਾਮਲੇ 'ਚ ਪਿੰਡ ਜਗਤਪੁਰਾ ਪੁਲਸ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ ਅਤੇ ਲੋਕਾਂ ਵੱਲੋਂ ਵੀ ਪੁਲਸ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਚੁੱਕੇ ਜਾ ਰਹੇ ਹਨ ਕਿ ਆਖਿਰ ਪੁਲਸ ਦੇ ਨੱਕ ਹੇਠਾਂ ਅਲਕੋਹਲ ਦਾ ਧੰਦਾ ਕਿਸ ਤਰ੍ਹਾਂ ਪ੍ਰਫੁੱਲਿਤ ਹੋ ਰਿਹਾ ਹੈ। ਇਸੇ ਪਿੰਡ ਦੇ ਇਕ ਨੌਜਵਾਨ ਨੇ ਦੱਸਿਆ ਸੀ ਕਿ ਅਲਕੋਹਲ ਦੀ ਸਮੱਗਲਿੰਗ ਕਥਿਤ ਮਿਲੀਭੁਗਤ ਨਾਲ ਰਾਜਪੁਰਾ ਦੇ ਇਕ ਢਾਬੇ ਤੋਂ ਜਗਤਪੁਰਾ ਤੱਕ ਹੋ ਰਹੀ ਹੈ। 


Related News