ਪੁਲਸ ਦਾ ਕਮਾਲ : ਅਫਸਰਾਂ ਦੇ ਨਾਲ ਹੀ ਡੇਰੇ ''ਚ ਜਾਂਚ ਕਰਵਾਉਂਦਾ ਰਿਹਾ ''ਵਾਂਟੇਡ''
Wednesday, Sep 13, 2017 - 08:14 AM (IST)
ਸਿਰਸਾ — ਡੇਰਾ ਸੱਚਾ ਸੌਦਾ 'ਚ 3 ਦਿਨਾਂ ਤੋਂ ਚਲ ਰਹੇ ਸਰਚ ਆਪਰੇਸ਼ਨ ਦੇ ਬਾਅਦ ਇਕ ਇਸ ਤਰ੍ਹਾਂ ਦਾ ਸੱਚ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਸਿਸਟਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਹ ਸੱਚ 25 ਅਗਸਤ ਨੂੰ ਪੰਚਕੂਲਾ 'ਚ ਹਿੰਸਾ ਦੀ ਸਾਜਿਸ਼ ਘੜਣ ਵਾਲਿਆਂ ਨਾਲ ਜੁੜੀ ਹੈ।
ਇਨ੍ਹਾਂ ਸਾਜਿਸ਼ਕਰਤਾਵਾਂ 'ਚ ਸ਼ਾਮਲ ਡੇਰੇ ਨਾਲ ਜੁੜੇ ਪੀ.ਆਰ.ਨੈਨ 'ਤੇ ਦੋਸ਼ ਹੈ ਕਿ ਉਸਨੇ ਹਿੰਸਾ ਭੜਕਾਉਣ ਦੇ ਮਕਸਦ ਨਾਲ 5 ਕਰੋੜ ਰੁਪਏ ਪੰਚਕੂਲਾ 'ਚ ਪੁੱਜੇ ਲੋਕਾਂ ਨੂੰ ਭੋਜਨ ਅਤੇ ਟਰਾਂਸਪੋਰਟ ਦੇ ਲਈ ਚਮਕੌਰ ਸਿੰਘ ਨੂੰ ਦਿੱਤੇ ਸਨ। ਡੀ.ਜੀ.ਪੀ. ਸੰਧੂ ਖੁਦ ਇਸ ਦਾ ਖੁਲਾਸਾ ਕਰ ਚੁੱਕੇ ਹਨ ਕਿ ਨੈਨ ਅਤੇ ਉਸਦੇ ਹੋਰ ਸਹਿਯੋਗੀਆਂ ਨੇ 5 ਕਰੋੜ ਰੁਪਏ ਦੀ ਬਦਲੇ ਪੰਚਕੂਲਾ 'ਚ ਹਿੰਸਾ ਫੈਲਾਉਣ ਦੀ ਸਾਜਿਸ਼ ਰਚੀ ਸੀ।
ਉਨ੍ਹਾਂ ਨੇ ਨੈਨ ਨੂੰ ਵਾਂਟੇਡ ਕਰਾਰ ਦਿੱਤਾ ਸੀ ਪਰ ਇਹ ਕਿਸ ਤਰ੍ਹਾਂ ਦਾ ਪੁਲਸ ਪ੍ਰਸ਼ਾਸਨ ਹੈ ਕਿ ਇਕ ਵਾਂਟੇਡ ਹੀ ਪੂਰੀ ਟੀਮ ਨੂੰ ਉਨ੍ਹਾਂ ਦੀ ਮੌਜੂਦਗੀ 'ਚ ਲੀਡ ਕਰਦਾ ਰਿਹਾ? ਇਸ ਮਾਮਲੇ 'ਚ ਪੁਲਸ ਦੇ ਸੀਨੀਅਰ ਅਧਿਕਾਰੀ ਤਾਂ ਬਚਦੇ ਨਜ਼ਰ ਆਏ, ਪਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਨੈਨ ਵਾਂਟੇਡ ਹੈ ਇਸ ਦੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਪੁਲਸ ਨੇ ਨੈਨ ਸਮੇਤ ਕਈ ਲੋਕਾਂ ਦੇ ਖਿਲਾਫ 5 ਕਰੋੜ ਦੇ 'ਸੁਪਾਰੀ ਕੇਸ 'ਚ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਸੀ। ਪੰਚਕੂਲਾ ਸਥਿਤ ਨਾਮ ਚਰਚਾ ਘਰ ਦੇ ਇੰਚਾਰਜ ਚਮਕੌਰ ਸਿੰਘ ਅਤੇ ਦਾਨ ਸਿੰਘ ਆਦਿ ਨੂੰ 2 ਦਿਨ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਨੈਨ ਅਜੇ ਤੱਕ ਗ੍ਰਿਰਫਤ ਤੋਂ ਬਾਹਰ ਹੈ।
ਪੰਚਕੂਲਾ ਪੁਲਸ 2 ਦਿਨ ਪਹਿਲਾਂ ਸਿਰਸਾ ਵੀ ਆਈ ਸੀ ਤਾਂ ਜੋ ਨੈਨ ਨੂੰ ਕਾਬੂ ਕੀਤਾ ਜਾ ਸਕੇ ਪਰ ਉਹ ਪੁਲਸ ਦੀ ਮੌਜੂਦਗੀ 'ਚ ਹੀ ਗਾਇਬ ਰਿਹਾ। ਸੂਤਰਾਂ ਦੇ ਅਨੁਸਾਰ ਨੈਨ ਸਰਚ ਆਪਰੇਸ਼ਨ 'ਚ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਦੇ ਨਾਲ ਡੇਰੇ 'ਚ ਹੀ ਮੌਜੂਦ ਰਿਹਾ ਅਤੇ ਇਹ ਵੀ ਪਤਾ ਲੱਗਾ ਕਿ ਇਸੇ ਵਿਅਕਤੀ ਨੇ ਡੇਰੇ ਦੇ ਹੋਰ ਲੋਕਾਂ ਨਾਲ ਜਾਂਚ ਵਾਲੇ ਸਥਾਨਾਂ ਦੀ ਜਾਣਕਾਰੀ ਦਿੱਤੀ। ਸਵਾਲ ਇਹ ਹੈ ਕਿ ਡੇਰੇ 'ਚ ਮੌਜੂਦ ਹੋਣ ਦੇ ਬਾਵਜੂਦ ਆਖਿਰਕਾਰ ਪੁਲਸ ਨੇ ਨੈਨ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਮਤਲਬ ਪੰਚਕੂਲਾ ਪੁਲਸ ਦੇ ਹੱਥ ਨੈਨ ਕਿਉਂ ਨਹੀਂ ਆਇਆ।
