ਗੰਦਗੀ ਦੇ ਢੇਰ ਚਿਡ਼ਾ ਰਹੇ ਨੇ ਮਿਸ਼ਨ ਪੰਜਾਬ ਨੂੰ ਮੂੰਹ
Wednesday, Jun 20, 2018 - 01:27 AM (IST)

ਰੂਪਨਗਰ, (ਕੈਲਾਸ਼)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ‘ਤੰਦਰੁਸਤ ਪੰਜਾਬ’ ਦੇ ਤਹਿਤ ਭਾਵੇਂ ਜ਼ਿਲਾ ਪ੍ਰਸਾਸ਼ਨ ਲੋਕਾਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਲਈ ਹਰ ਤਰ੍ਹਾਂ ਦੇ ਉਪਰਾਲੇ ਕਰਨ ਲਈ ਪੱਬਾਂ ਭਾਰ ਹੋਇਆ ਹੈ ਪਰ ਜੇਕਰ ਅਸੀਂ ਸ਼ਹਿਰ ਦੀ ਸਾਫ-ਸਫਾਈ ਦੀ ਗੱਲ ਕਰੀਏ ਤਾਂ ਉਸਦੀ ਹਾਲਤ ’ਚ ਕੋਈ ਸੁਧਾਰ ਨਜ਼ਰ ਨਹੀ ਆ ਰਿਹਾ। ਪਹਿਲਾਂ ਵਾਂਗ ਹੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਲੱਗਣ ਵਾਲੇ ਗੰਦਗੀ ਦੇ ਢੇਰ, ਢੇਰਾਂ ’ਚ ਮੂੰਹ ਮਾਰਦੇ ਅਾਵਾਰਾ ਪਸ਼ੂ ਆਮ ਵੇਖੇ ਜਾ ਸਕਦੇ ਹਨ। ਇਥੇ ਹੀ ਬੱਸ ਨਹੀ ਸਿਹਤ ਵਿਭਾਗ ਅਧੀਨ ਚੱਲ ਰਿਹਾ ਨਰਸਿੰਗ ਸਕੂਲ ਅਤੇ ਸਿਵਲ ਹਸਪਤਾਲ ਦੇ ਗੇਟਾਂ ’ਤੇ ਲੱਗਣ ਵਾਲਾ ਗੰਦਗੀ ਦਾ ਢੇਰ ਉਕਤ ਮਿਸ਼ਨ ਦਾ ਮੂੰਹ ਚਿਡ਼ਾ ਰਿਹਾ ਹੈ।
ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਸਫਾਈ ਸੇਵਕ ਰੋਜ਼ਾਨਾ ਸਵੇਰੇ ਸ਼ਹਿਰ ਦੀ ਸਫਾਈ ਸ਼ੁਰੂ ਕਰ ਦਿੰਦੇ ਹਨ ਪਰ ਸ਼ਾਮ ਹੁੰਦੇ ਹੀ ਮੁਡ਼ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਜਾਂਦੇ ਹਨ, ਕਿਉਂਕਿ ਇਸ ਸਬੰਧ ’ਚ ਜ਼ਿਲਾ ਪ੍ਰਸਾਸ਼ਨ ਠੋਸ ਕਾਰਵਾਈ ਨਹੀ ਕਰ ਰਿਹਾ। ਜੋ ਲੋਕ ਆਪਣੇ ਘਰਾਂ ਦਾ ਕੂਡ਼ਾ ਨਗਰ ਕੌਂਸਲ ਵਲੋਂ ਰੱਖੇ ਗਏ ਕੰਨਟੇਨਰਾਂ ’ਚ ਪਾਉਣ ਲਈ ਆਉਂਦੇ ਹਨ ਉਹ ਦੂਰੋ ਹੀ ਖਡ਼ ਕੇ ਸੁੱਟ ਜਾਂਦੇ ਹਨ ਜੋ ਸਡ਼ਕ ਤੇ ਢੇਰਾਂ ਦੇ ਰੂਪ ’ਚ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਸਬੰਧ ’ਚ ਲੋਕਾਂ ਨੇ ਦੱਸਿਆ ਜ਼ਿਲਾ ਪ੍ਰਸਾਸ਼ਨ ਇਕ ਪਾਸੇ ਤਾਂ ਮਿਸ਼ਨ ਤੰਦਰੁਸਤ ਦੇ ਹੇਠ ਰੋਜ਼ਾਨਾ ਕਾਰਵਾਈ ਕਰ ਰਿਹਾ ਹੈ ਪਰ ਕੂਡ਼ੇ ਦੇ ਢੇਰਾਂ ਸਬੰਧੀ ਕੋਈ ਠੋਸ ਕਾਰਵਾਈ ਅਮਲ ’ਚ ਨਹੀ ਲਿਆਂਦੀ ਗਈ ਅਤੇ ਹਾਲਾਤ ਗੰਦਗੀ ਨੂੰ ਲੈ ਕੇ ਪਹਿਲਾਂ ਵਰਗੇ ਹੀ ਹਨ।
ਦੂਜੇ ਪਾਸੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਨੇਡ਼ੇ ਮੇਨ ਰੋਡ ’ਤੇ ਨਾਲੇ ਦੇ ਅੰਦਰ ਵੀ ਕਾਫੀ ਦੇਰ ਤੋਂ ਗੰਦਗੀ ਜਮਾਂ ਹੈ ਜਿਸਦੀ ਸਫਾਈ ਨਹੀ ਕੀਤੀ ਗਈ ਤੇ ਆਸ-ਪਾਸ ਦੇ ਲੋਕਾਂ ’ਚ ਇਸ ਨੂੰ ਲੈ ਕੇ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ’ਚ ਵੱਗਦੇ ਵੱਖ-ਵੱਖ ਗੰਦੇ ਪਾਣੀ ਦੇ ਨਿਕਾਸੀ ਨਾਲਿਆਂ ਦਾ ਓਵਰਫਲੋ ਹੋਣਾ ਜਾਰੀ ਹੈ, ਜਿਨ੍ਹਾਂ ਦੀ ਸਾਫ-ਸਫਾਈ ਰੂਟੀਨ ’ਚ ਨਹੀਂ ਹੋ ਰਹੀ।
ਧਡ਼ੱਲੇ ਨਾਲ ਹੋ ਰਿਹੈ ਪਲਾਸਟਿਕ ਦਾ ਇਸਤੇਮਾਲ
ਜ਼ਿਕਰਯੋਗ ਹੈ ਕਿ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਜ਼ਿਲਾ ਪ੍ਰਸਾਸ਼ਨ ਵਲੋਂ ਭਾਵੇਂ ਪਲਾਸਟਿਕ ਦੇ ਇਸਤੇਮਾਲ ਅਤੇ ਪ੍ਰਯੋਗ ਨੂੰ ਲੈ ਕੇ ਪਾਬੰਦੀ ਲਗਾਈ ਗਈ ਹੈ ਪਰ ਬਾਵਜੂਦ ਇਸਦੇ ਸ਼ਹਿਰ ’ਚ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਧਡ਼ੱਲੇ ਨਾਲ ਹੋ ਰਿਹਾ ਹੈ ਜੋ ਬਾਅਦ ’ਚ ਸੀਵਰੇਜ਼ ਬਲਾਕੇਜ, ਗੰਦੇ ਪਾਣੀ ਦੇ ਨਿਕਾਸੀ ਨਾਲਿਆਂ ਦੇ ਜਾਮ ਹੋਣ ਦਾ ਕਾਰਨ ਬਣਦਾ ਹੈ। ਜਦੋ ਕਿ ਬਾਅਦ ’ਚ ਢੇਰਾਂ ’ਤੇ ਸੁੱਟੇ ਗਏ ਪਲਾਸਟਿਕ ਦੇ ਲਿਫਾਫੇ ਜਿੱਥੇ ਪਸ਼ੂਆਂ ਲਈ ਹਾਨੀਕਾਰਕ ਸਿੱਧ ਹੁੰਦੇ ਹਨ, ਦੂਜੇ ਪਾਸੇ ਇਸਨੂੰ ਕਈ ਵਾਰ ਢੇਰਾਂ ’ਤੇ ਹੀ ਅੱਗ ਲਗਾ ਦਿੱਤੀ ਜਾਂਦੀ, ਸਿੱਟੇ ਵਜੋਂ ਵਾਤਾਵਰਨ ਪ੍ਰਦੂਸ਼ਣ ਹੋ ਜਾਂਦਾ ਜੋ ਕਿ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਰਿਹਾ ਹੈ। ਸ਼ਹਿਰ ਦੇ ਸਮਾਜ ਸੇਵੀ ਅਤੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਪਲਾਸਟਿਕ ਬੈਗਜ਼ ਦੀ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਦੂਜੇ ਪਾਸੇ ਆਮ ਲੋਕਾਂ ਨੂੰ ਵੀ ਚਾਹੀਦੀ ਹੈ ਕਿ ਉਹ ਇਸਦੀ ਥਾਂ ਦੂਜੇ ਬਦਲ ਅਮਲ ’ਚ ਲਿਆਉਣ ਤਾਂ ਜੋ ਪ੍ਰਦੂਸ਼ਤ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ।
ਕੀ ਕਹਿੰਦੇ ਨੇ ਸੈਨਟਰੀ ਇੰਸਪੈਕਟਰ
ਇਸ ਸਬੰਧ ’ਚ ਜਦੋ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਦਿਆਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਮੌਜੂਦਾ ਸਮੇਂ ’ਚ 105 ਸਫਾਈ ਸੇਵਕ ਠੇਕੇ ਪ੍ਰਣਾਲੀ ਤਹਿਤ ਅਤੇ 35 ਸਫਾਈ ਸੇਵਕ ਰੈਗੂਲਰ ਮੌਜੂਦ ਹਨ ਜੋ ਕਿ ਰੋਜ਼ਾਨਾ ਸ਼ਹਿਰ ਦੀ ਸਫਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ 15 ਹੋਰ ਸਫਾਈ ਸੇਵਕਾਂ ਦੀ ਘਾਟ ਹੈ । ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਦੇ ਨਿਕਾਸੀ ਨਾਲਿਆਂ ਦੀ ਸਫਾਈ ਕਰਮਚਾਰੀਆਂ ਦੀ ਘਾਟ ਕਾਰਨ ਕਈ ਬਾਰ ਪ੍ਰਭਾਵਿਤ ਹੁੰਦੀ ਹੈ। ਜਿਸਦਾ ਜਲਦ ਹੀ ਹੱਲ ਕੱਢਿਆ ਜਾ ਰਿਹਾ ਹੈ।