ਵਿਅਕਤੀ ਵੱਲੋਂ ਜ਼ਹਿਰ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਹਾਲਤ ਗੰਭੀਰ
Monday, Oct 30, 2017 - 09:48 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪਿੰਡ ਚੱਕ ਬੀੜ ਸਰਕਾਰ ਦੇ ਹਰਮੀਤ ਸਿੰਘ ਨੇ ਬੀਤੀ ਰਾਤ ਜ਼ਹਿਰ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹਰਮੀਤ ਸਿੰਘ ਨੂੰ ਇਥੋਂ ਦੇ ਇਕ ਨਿੱਜੀ ਹਸਪਤਾਲ 'ਚ ਲੈ ਗਏ। ਹਰਮੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਦੁਕਾਨ 'ਤੇ ਤਿੰਨ ਔਰਤਾਂ ਆਈਆਂ ਸਨ ਤੇ ਅੱਖਾਂ ਦੀ ਦਵਾਈ ਮੰਗਦੀਆਂ ਸਨ। ਹਰਮੀਤ ਸਿੰਘ ਨੇ ਦਵਾਈ ਖਤਮ ਹੋਣ ਕਰਕੇ ਇਨਕਾਰ ਕਰ ਦਿੱਤਾ ਤੇ ਔਰਤਾਂ ਵਾਪਸ ਚਲੀਆਂ ਗਈਆਂ। ਹਰਮੀਤ ਸਿੰਘ ਨੇ ਦੱਸਿਆ ਕਿ ਮੁਕਤਸਰ ਦੇ ਇਕ ਪੱਤਰਕਾਰ ਹੈਪੀ ਕਪੂਰ ਦਾ ਫੋਨ ਆਇਆ ਕਿ ਉਸ ਦੀ ਦੁਕਾਨ 'ਚ ਔਰਤਾਂ ਨਾਲ ਛੇੜਛਾੜ ਹੋਈ ਹੈ ਅਤੇ ਇਹ ਔਰਤਾਂ ਰਾਮਪੁਰਾ ਫੂਲ ਵਿਖੇ ਉਸ ਦੇ ਖਿਲਾਫ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ ਕਰਵਾ ਰਹੀਆਂ ਹਨ, ਜੇ ਉਹ ਬਚਣਾ ਚਾਹੁੰਦਾ ਹੈ ਤਾਂ 2 ਲੱਖ ਰੁਪਏ ਦੇ ਦੇਵੇ।
ਹਰਮੀਤ ਸਿੰਘ ਨੇ ਦੱਸਿਆ ਕਿ ਡਰਦੇ ਹੋਏ ਉਸ ਨੇ 12 ਹਜ਼ਾਰ, 18 ਹਜ਼ਾਰ ਅਤੇ 10 ਹਜ਼ਾਰ ਤਿੰਨ ਵਾਰੀਆਂ 'ਚ ਦੇ ਦਿੱਤੇ ਪਰ ਹੁਣ ਪੱਤਰਕਾਰ ਰਣਜੀਤ ਆਹੂਜਾ ਉਸ ਕੋਲੋਂ ਪੈਸੇ ਮੰਗਣ ਉਸ ਦੀ ਦੁਕਾਨ ਉਪਰ ਆ ਗਿਆ ਅਤੇ ਪੈਸੇ ਨਾ ਦੇਣ 'ਤੇ ਬਦਨਾਮੀ ਕਰਨ ਦੀ ਧਮਕੀ ਦਿੱਤੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਹਰਮੀਤ ਸਿੰਘ ਦੇ ਪੁੱਤਰ ਪਰਮਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ, ਨੇ 28 ਅਕਤੂਬਰ ਦੀ ਰਾਤ ਨੂੰ ਘਰ 'ਚ ਪਈ ਸਪਰੇਅ ਪੀ ਲਈ। 29 ਅਕਤੂਬਰ ਨੂੰ ਸਵੇਰੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਲਈ ਪੱਤਰਕਾਰ ਹੈਪੀ ਕਪੂਰ ਤੇ ਬਲਜੀਤ ਆਹੂਜਾ ਜ਼ਿੰਮੇਵਾਰ ਹਨ।
ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ 'ਤੇ ਝੂਠੇ ਦੋਸ਼ ਲਾਉਣ ਵਾਲੀਆਂ ਔਰਤਾਂ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਜਾਵੇ। ਪਿੰਡ ਚੱਕ ਬੀੜ ਸਰਕਾਰ ਦੇ ਵਾਸੀਆਂ ਨੇ ਦੱਸਿਆ ਕਿ ਹਰਮੀਤ ਸਿੰਘ ਪਿੰਡ ਦੇ ਜੱਦੀ ਗ੍ਰੰਥੀ ਹਨ ਅਤੇ ਬਹੁਤ ਹੀ ਸ਼ਰੀਫ ਆਦਮੀ ਹਨ। ਉਨ੍ਹਾਂ ਖਿਲਾਫ ਝੂਠੇ ਦੋਸ਼ ਲਾਉਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਥਾਣਾ ਸਿਟੀ ਦੇ ਮੁਖੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੱਤਰਕਾਰ ਹੈਪੀ ਕਪੂਰ ਤੇ ਪੱਤਰਕਾਰ ਰਣਜੀਤ ਆਹੂਜਾ ਖਿਲਾਫ ਹਾਲ ਦੀ ਘੜੀ ਧਾਰਾ 384 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
