ਅੰਮ੍ਰਿਤਸਰ ਦੇ ਹੋਟਲਾਂ ’ਚ ਦੇਹ ਵਪਾਰ ਦਾ ਧੰਦਾ ਜ਼ੋਰਾਂ ’ਤੇ, ਵੀਡੀਓ ਵਾਇਰਲ ਕਰ ਵਿਅਕਤੀ ਨੇ ਕੀਤਾ ਖ਼ੁਲਾਸਾ

Tuesday, May 16, 2023 - 12:48 PM (IST)

ਅੰਮ੍ਰਿਤਸਰ ਦੇ ਹੋਟਲਾਂ ’ਚ ਦੇਹ ਵਪਾਰ ਦਾ ਧੰਦਾ ਜ਼ੋਰਾਂ ’ਤੇ, ਵੀਡੀਓ ਵਾਇਰਲ ਕਰ ਵਿਅਕਤੀ ਨੇ ਕੀਤਾ ਖ਼ੁਲਾਸਾ

ਅੰਮ੍ਰਿਤਸਰ (ਜਸ਼ਨ)- ਅੰਮ੍ਰਿਤਸਰ  ਦੇ ਆਲੇ-ਦੁਆਲੇ ਸਥਿਤ ਸੈਂਕੜੇ ਹੋਟਲਾਂ 'ਚੋਂ ਜ਼ਿਆਦਾਤਰ ਵਿਚ ਦੇਹ ਵਪਾਰ ਦਾ ਧੰਦਾ ਸਿਖਰਾਂ ’ਤੇ ਹੋਣ ਦਾ ਖ਼ੁਲਾਸਾ ਹੋਇਆ ਹੈ। ਇਸ ਗੱਲ ਦਾ ਖ਼ੁਲਾਸਾ ਇਕ ਵਿਅਕਤੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਹੈ। ਇਸ ਸਬੰਧੀ ਸਖ਼ਤ ਕਾਰਵਾਈ ਕਰਦਿਆਂ ਪੁਲਸ ਪ੍ਰਸ਼ਾਸਨ ਨੇ ਉਕਤ ਇਲਾਕਿਆਂ ਵਿਚ ਪੁਲਸ ਗਸ਼ਤ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਉਕਤ ਇਲਾਕੇ ਵਿਚ ਸੈਂਕੜੇ ਹੋਟਲ ਬਣਾਏ ਗਏ ਹਨ। ਇਨ੍ਹਾਂ ਵਿਚ ਜ਼ਿਆਦਾਤਰ ਹੋਟਲਾਂ ਵਿਚ ਇਹ ਨਾਜਾਇਜ਼ ਧੰਦਾ ਵੱਧ-ਫੁੱਲ ਰਿਹਾ ਹੈ। ਅਜਿਹੇ ਖ਼ੁਲਾਸੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਦਰਅਸਲ ਚੌਂਕ ਮਾਹਣਾ ਸਿੰਘ ਦੇ ਇਕ ਵਿਅਕਤੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰ ਕੇ ਹੋਟਲਾਂ ਵਿਚ ਚੱਲ ਰਹੇ ਇਸ ਕਾਲੇ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ, ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਗਈ ਹੈ।

ਇਹ ਵੀ ਪੜ੍ਹੋ- ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਭਰੇ ਪ੍ਰੋਫ਼ਾਰਮੇ 18 ਮਈ ਨੂੰ ਰਾਜਪਾਲ ਨੂੰ ਸੌਂਪੇਗੀ ਸ਼੍ਰੋਮਣੀ ਕਮੇਟੀ

ਇਸ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਦੋਂ ਉਹ ਹੋਟਲ ਦੇ ਨੇੜੇ ਕੁਝ ਦੂਰੀ ’ਤੇ ਖੜ੍ਹੀਆਂ ਦੇਹ ਵਪਾਰ ਦਾ ਧੰਦਾ ਕਰ ਰਹੀਆਂ ਔਰਤਾਂ ਨੂੰ ਕੁਝ ਪੁੱਛਦਾ ਹੈ? ਇਸ ਲਈ ਉਕਤ ਔਰਤਾਂ ਪਿੱਛੇ ਮੁੜ ਕੇ ਨਹੀਂ ਦੇਖਦੀਆਂ ਅਤੇ ਉੱਥੋਂ ਭੱਜਦੀਆਂ ਦਿਖਾਈ ਦਿੰਦੀਆਂ ਹਨ। ਵੀਡੀਓ ਵਿਚ ਉਕਤ ਵਿਅਕਤੀ ਦੱਸਦਾ ਹੈ ਕਿ ਬੱਸ ਸਟੈਂਡ ਤੋਂ ਹਰਿਮੰਦਰ ਸਾਹਿਬ ਨੂੰ ਜਾਂਦੇ ਸਮੇਂ ਚੌਂਕ ਮਾਹਣਾ ਸਿੰਘ ਵਿਖੇ ਇਹ ਧੰਦਾ ਪਿਛਲੇ ਕਾਫ਼ੀ ਸਮੇਂ ਤੋਂ ਅੰਨ੍ਹੇਵਾਹ ਚੱਲ ਰਿਹਾ ਹੈ। ਉਸ ਨੇ ਇਕ ਹੋਰ ਖ਼ੁਲਾਸਾ ਕਰਦਿਆਂ ਕਿਹਾ ਕਿ ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਕਈ ਵਾਰ ਪੁਲਸ ਪ੍ਰਸ਼ਾਸਨ ਨੂੰ ਇਸ ਕਾਲੇ ਧੰਦੇ ਬਾਰੇ ਜਾਣੂ ਕਰਵਾਇਆ ਹੈ ਪਰ ਫ਼ਿਰ ਵੀ ਇਸ ਇਲਾਕੇ ਵਿਚ ਇਹ ਗੋਰਖ ਧੰਦਾ ਨਿੱਤ ਚੱਲ ਰਿਹਾ ਹੈ। ਜਿਵੇਂ ਹੀ ਰਾਤ ਪੈ ਜਾਂਦੀ ਹੈ ਤਾਂ ਵੱਡੀ ਗਿਣਤੀ ਵਿਚ ਔਰਤਾਂ ਅਤੇ ਕੁੜੀਆਂ ਚੌਂਕ ਨੇੜੇ ਪਹੁੰਚ ਜਾਂਦੀਆਂ ਹਨ ਅਤੇ ਗਾਹਕਾਂ ਦੀ ਉਡੀਕ ਕਰਨ ਲੱਗ ਪੈਂਦੀਆਂ ਹਨ, ਉੱਥੇ ਹੀ ਇਨ੍ਹਾਂ ਕੁੜੀਆਂ ਨੂੰ ਅੰਮ੍ਰਿਤਸਰ ਦੇ ਆਲੇ-ਦੁਆਲੇ ਸਥਿਤ ਹੋਟਲਾਂ ਵਿਚ ਲਿਜਾਇਆ ਜਾਂਦਾ ਹੈ, ਜਿੱਥੇ ਪਹਿਲਾਂ ਹੀ ਉਨ੍ਹਾਂ ਦੀ ਚੰਗੀ ਅੰਡਰ ਸਟੈਂਡਿੰਗ ਕਰ ਕੇ ਇਲਾਕੇ ਦੇ ਲੋਕਾਂ ਨਾਲ ਖੁੱਲ੍ਹੇਆਮ ਸੌਦਾ ਕੀਤਾ ਜਾਂਦਾ ਹੈ।

ਵੀਡੀਓ ਵਿਚ ਉਕਤ ਵਿਅਕਤੀ ਚੌਂਕ ’ਤੇ ਗਾਹਕਾਂ ਦਾ ਇੰਤਜ਼ਾਰ ਕਰ ਰਹੀਆਂ ਕੁੜੀਆਂ ਨੂੰ ਵੀ ਦਿਖਾਉਣਾ ਚਾਹੁੰਦਾ ਸੀ ਪਰ ਕੈਮਰਾ ਦੇਖਦੇ ਹੀ ਉਹ ਪਿੱਛੇ ਹੱਟ ਗਈਆਂ ਅਤੇ ਉਥੋਂ ਭੱਜ ਗਈਆਂ। ਉਕਤ ਵਿਅਕਤੀ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਵੱਲੋਂ ਇਸ ਖ਼ਿਲਾਫ਼ ਕੋਈ ਕਾਰਵਾਈ ਨਾ ਕਰਦੇ ਦੇਖ ਕੇ ਹੀ ਉਸ ਨੇ ਵੀਡੀਓ ਲਾਈਵ ਕਰ ਕੇ ਇਸ ਧੰਦੇ ਦਾ ਪਰਦਾਫਾਸ਼ ਕੀਤਾ ਹੈ।

ਇਹ ਵੀ ਪੜ੍ਹੋ-  ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚੇ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਘੱਟ ਗਿਣਤੀ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ

ਖ਼ਾਨਾਪੂਰਤੀ ਲਈ ਕੀਤੀ ਜਾਂਦੀ ਹੈ ਕਾਰਵਾਈ

ਜ਼ਿਕਰਯੋਗ ਹੈ ਕਿ ਉਕਤ ਹੋਟਲਾਂ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਲੈ ਕੇ ਕਈ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਹਨ। ਇਸ ’ਤੇ ਪੁਲਸ ਇਕ-ਦੋ ਦਿਨ ਕਾਰਵਾਈ ਕਰਨ ਦੇ ਨਾਂ ’ਤੇ ਇਕ-ਦੋ ਹੋਟਲਾਂ ’ਤੇ ਛਾਪੇਮਾਰੀ ਕਰ ਕੇ ਕੁਝ ਸ਼ੱਕੀ ਜੋੜਿਆਂ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ ਅਤੇ ਉਸ ਤੋਂ ਬਾਅਦ ਨਤੀਜਾ ਇਹੀ ਨਿਕਲਦਾ ਹੈ ਪਰਨਾਲਾ ਉਥੇ ਦਾ ਉਥੇ ਹੀ ਹੈ ਅਤੇ ਪੁਲਸ ਕਾਰਵਾਈ ਲਈ ਖ਼ਾਨਾਪੂਰਤੀ ਕਰਦੀ ਦਿਖਾਈ ਦਿੰਦੀ ਹੈ।

ਪਹਿਲਾਂ ਵੀ ਹੋ ਚੁੱਕੀਆਂ ਹਨ ਕਈ ਵੀਡੀਓ ਵਾਇਰਲ

ਅਜਿਹੀਆਂ ਕਈ ਵੀਡੀਓ ਪਹਿਲਾਂ ਵੀ ਵਾਇਰਲ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਪਿਛਲੇ ਸਾਲ ਇਕ ਵਿਅਕਤੀ ਨੇ ਲਾਈਵ ਹੋ ਕੇ ਸੋਸ਼ਲ ਵੀਡੀਓ ਰਾਹੀਂ ਇਸ ਧੰਦੇ ਬਾਰੇ ਖੁੱਲ੍ਹ ਕੇ ਗੱਲ ਕਹੀ ਸੀ ਅਤੇ ਇਸ ਤੋਂ ਬਾਅਦ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਸੀ, ਜਦੋਂ ਯੂ-ਟਿਊਬਰ ਆਪਣੀ ਵੀਡੀਓ ਬਣਾਉਣ ਸਮੇਂ ਹੈਰੀਟੇਜ਼ ਸਟਰੀਟ ’ਤੇ ਪੁੱਜਦਾ ਹੈ ਤਾਂ ਉਥੇ ਪਹਿਲਾਂ ਤੋਂ ਹੀ ਇਕ ਹੋਟਲ ਮੈਨੇਜਰ ਖੜ੍ਹਾ ਹੁੰਦਾ ਹੈ ਅਤੇ ਗੱਲਬਾਤ ਦੌਰਾਨ ਉਸ ਨੂੰ ਉਕਤ ਹੋਟਲ ਵਿਚ ਕਮਰਾ ਦੇਣ ਦੇ ਨਾਲ-ਨਾਲ ਇਕ ਕੁੜੀ ਦੇਣ ਦੀ ਪੇਸ਼ਕਸ਼ ਕਰਦਾ ਹੈ। ਇਸ ਤੋਂ ਬਾਅਦ ਯੂਟਿਊਬਰ ਨੇ ਉਸ ਨੂੰ ਇਨਕਾਰ ਕਰ ਦਿੱਤਾ। ਉਕਤ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਗਈ ਸੀ ਅਤੇ ਉਸ ਦੇ ਆਧਾਰ ’ਤੇ ਸਥਾਨਕ ਪੁਲਸ ਨੇ ਹਰਕਤ ਵਿਚ ਆਉਂਦਿਆਂ ਉਕਤ ਹੋਟਲ ਮਾਲਕ, ਸੰਚਾਲਕ ਅਤੇ ਉਕਤ ਕਰਮਚਾਰੀ ਖ਼ਿਲਾਫ਼ ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਸਥਿਤ ਮਹਾਂ ਸਿੰਘ ਗੇਟ ਦੇ ਇਲਾਕੇ ਵਿਚ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ-  40 ਸਾਲਾਂ ਬਾਅਦ ਮਾਝਾ ਤੇ ਦੁਆਬਾ ਖ਼ੇਤਰ ਦੇ ਖੇਤਾਂ ’ਚ ਪਹੁੰਚੇਗਾ ਨਹਿਰੀ ਪਾਣੀ, ਸਿੰਚਾਈ ਵਿਭਾਗ ਨੇ ਸ਼ੁਰੂ ਕੀਤਾ ਕੰਮ

ਇਸ ਤੋਂ ਬਾਅਦ ਪੁਲਸ ਫ਼ਿਰ ਚੁੱਪਚਾਪ ਬੈਠੀ ਹੈ ਅਤੇ ਸ਼ਾਇਦ ਕਿਸੇ ਹੋਰ ਮਾਮਲੇ ਦੇ ਪਰਦਾਫ਼ਾਸ਼ ਹੋਣ ਦੀ ਉਡੀਕ ਕਰ ਰਹੀ ਹੈ? ਇਸ ਤੋਂ ਬਾਅਦ ਵੀ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇਹ ਧੰਦਾ ਫ਼ਿਰ ਤੋਂ ਬੇਰੋਕ ਚੱਲ ਰਿਹਾ ਹੈ। ਅਸਲ ਵਿਚ ਇਹ ਧੰਦਾ ਇਸ ਇਲਾਕੇ ਨੂੰ ਆਪਣਾ ਸਾਫ਼ਟ ਅਤੇ ਸੁਰੱਖਿਅਤ ਨਿਸ਼ਾਨਾ ਮੰਨਦੇ ਹਨ, ਕਿਉਂਕਿ ਉਥੇ ਧਾਰਮਿਕ ਸਥਾਨਾਂ ਵਿਖੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ, ਇਸ ਲਈ ਪੁਲਸ ਉਸ ਜਗ੍ਹਾ ’ਤੇ ਬਣੇ ਹੋਟਲਾਂ ਵਿਚ ਜ਼ਿਆਦਾ ਚੈਕਿੰਗ ਨਹੀਂ ਕਰ ਪਾਉਂਦੀ ਹੈ ਕਿ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਇਸ ਦਾ ਫ਼ਾਇਦਾ ਉਠਾ ਕੇ ਇਹ ਲੋਕ ਇਨ੍ਹਾਂ ਇਲਾਕਿਆਂ 'ਚ ਬਣੇ ਹੋਟਲਾਂ ਨੂੰ ਆਪਣਾ ਸੁਰੱਖਿਅਤ ਨਿਸ਼ਾਨਾ ਸਮਝ ਕੇ ਇੱਥੇ ਆਉਂਦੇ ਹਨ।

ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀ. ਸੀ. ਪੀ.) ਪਰਮਿੰਦਰ ਸਿੰਘ ਭੰਡਾਲ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਨੂੰ ਪੁਲਸ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ। ਇਸ ਸਬੰਧੀ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਪੁਲਸ ਗਸ਼ਤ ਵਧਾ ਦਿੱਤੀ ਗਈ ਹੈ। ਉਕਤ ਇਲਾਕੇ ਦਿਨ-ਰਾਤ ਲੋਕਾਂ ਨਾਲ ਭਰੇ ਹੁੰਦੇ ਹਨ, ਇਸ ਲਈ ਉਥੇ ਪੁਲਸ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਿੱਥੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਕਾਫ਼ੀ ਮੰਗ ਹੈ, ਉਨ੍ਹਾਂ ਥਾਵਾਂ ਦੀ ਵੀ ਸ਼ਨਾਖਤ ਕਰ ਲਈ ਗਈ ਹੈ ਅਤੇ ਜਲਦੀ ਹੀ ਉੱਥੇ ਕੈਮਰੇ ਲਗਾਏ ਜਾਣਗੇ। ਹੁਣ ਪੁਲਸ ਮੁਲਾਜ਼ਮ ਸਾਰਿਆਂ ’ਤੇ ਤਿੱਖੀ ਨਜ਼ਰ ਰੱਖਣਗੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News