ਵਿਅਕਤੀ ਨੇ ਰੇਲਗੱਡੀ ਹੇਠਾਂ ਆ ਕੇ ਕੀਤੀ ਜੀਵਨ ਲੀਲਾ ਸਮਾਪਤ
Monday, Mar 26, 2018 - 01:38 AM (IST)

ਬਟਾਲਾ, (ਬੇਰੀ)- ਅੱਜ ਰੇਲਗੱਡੀ ਹੇਠਾਂ ਆਉਣ ਨਾਲ ਇਕ ਵਿਅਕਤੀ ਵਲੋਂ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਟਾਲਾ ਜੀ. ਆਰ. ਪੀ. ਰੇਲਵੇ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਪ੍ਰਮੋਦ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਸੂਚਨਾ ਮਿਲੀ ਕਿ ਆਲੋਵਾਲ ਕਿਲੋਮੀਟਰ 37/4 ਵਿਖੇ ਜਦੋਂ ਰੇਲਗੱਡੀ ਜੋ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਸੀ ਪਹੁੰਚੀ ਤਾਂ ਇਕ ਵਿਅਕਤੀ ਨੇ ਰੇਲਗੱਡੀ ਹੇਠਾਂ ਆ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਏ. ਐੱਸ. ਆਈ. ਨੇ ਅੱਗੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਪੁੱਤਰ ਮਾਧਵ ਸਿੰਘ ਵਾਸੀ ਨਠਵਾਲ ਵਜੋਂ ਹੋਈ ਹੈ ਅਤੇ ਇਹ ਅੰਮ੍ਰਿਤਸਰ ਵਿਖੇ ਕਾਰਪੋਰੇਸ਼ਨ 'ਚ ਨੌਕਰੀ ਕਰਦਾ ਸੀ। ਪ੍ਰਮੋਦ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਦੀ ਜੇਬ 'ਚੋਂ ਇਕ ਪਰਚੀ ਮਿਲੀ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਉਸ ਨੇ ਆਪਣੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕੀਤੀ ਹੈ। ਏ. ਐੱਸ. ਆਈ. ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦਾ ਭਰਾ ਜਰਨੈਲ ਸਿੰਘ, ਉਸਦਾ ਲੜਕਾ ਝਿਰਮਲ ਸਿੰਘ ਅਤੇ ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਵੀ ਮੌਕੇ 'ਤੇ ਪਹੁੰਚੇ ਅਤੇ ਖ਼ਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।