ਕਣਕ ਨਾ ਮਿਲਣ ਕਾਰਨ ਲੋਕਾਂ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
Saturday, Aug 18, 2018 - 03:12 AM (IST)

ਗੁਰੂ ਕਾ ਬਾਗ, (ਭੱਟੀ)- ਗ੍ਰਾਮ ਪੰਚਾਇਤ ਏਕਰੂਪ ਐਵੀਨਿਊ ਤੇ ਦਸਮੇਸ਼ ਐਵੀਨਿਊ ਦੇ ਇਲਾਕਾ ਵਾਸੀਅਾਂ ਨੇ ਕਣਕ ਨਾ ਮਿਲਣ ਕਾਰਨ ਖਾਲੀ ਭਾਂਡੇ ਖਡ਼ਕਾ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਇਕੱਤਰ ਹੋੲੇ ਲੋਕਾਂ ਮਨਜੀਤ ਕੌਰ, ਜਸਵੰਤ ਕੌਰ, ਜਸਬੀਰ ਕੌਰ, ਪਰਮਜੀਤ ਕੌਰ, ਕਸ਼ਮੀਰ ਕੌਰ, ਬਲਜੀਤ ਕੌਰ, ਹਰਭਜਨ ਕੌਰ, ਕੁਲਜੀਤ ਕੌਰ, ਪੂਜਾ ਖੰਨਾ, ਦਿਨੇਸ਼ ਕੁਮਾਰ ਸਿੰਘ, ਪ੍ਰਿਤਪਾਲ ਭੱਟੀ, ਪ੍ਰਿੰਸ ਗਿੱਲ ਆਦਿ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਕਣਕ ਤੋਂ ਸਾਨੂੰ ਵਾਂਝੇ ਰੱਖਿਆ ਜਾ ਰਿਹਾ ਹੈ ਤੇ ਸਾਡੇ ਇਲਾਕੇ ਨੂੰ ਛੱਡ ਕੇ ਬਾਕੀ ਸਾਰੀਅਾਂ ਪੰਚਾਇਤਾਂ ਨੂੰ ਹੁਣ ਤੱਕ ਦੀ ਕਣਕ ਦਿੱਤੀ ਜਾ ਚੁੱਕੀ ਹੈ, ਜਦ ਵੀ ਕਣਕ ਬਾਰੇ ਡਿਪੂ ਹੋਲਡਰ ਤੋਂ ਪੁੱਛਿਆ ਜਾਂਦਾ ਹੈ ਤਾਂ ਉਸ ਵੱਲੋਂ ਨਾਂਹ ਸੁਣ ਕੇ ਮੁਡ਼ ਘਰ ਵਾਪਸ ਪਰਤਣਾ ਪੈਂਦਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਜ਼ਿਲਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਤੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਹਨੇਰੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਭਲਾਈ ਸਕੀਮਾਂ ਦੇਣ ਦੀ ਬਜਾਏ ਪਿਛਲੀ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਵੀ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਦਸਮੇਸ਼ ਐਵੀਨਿਊ ਵਾਸੀਅਾਂ ਨੂੰ ਕਣਕ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਹਫਤੇ ਅੰਦਰ ਜੇਕਰ ਕਣਕ ਨਾ ਮਿਲੀ ਤਾਂ ਉਹ ਇਲਾਕਾ ਵਾਸੀਅਾਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ।
ਬੀਬੀ ਰਾਜਵਿੰਦਰ ਕੌਰ ਨੇ ਕਿਹਾ ਕਿ ਲੋਕ ਮੁਡ਼ ਬਾਦਲ ਸਰਕਾਰ ਨੂੰ ਯਾਦ ਕਰ ਰਹੇ ਹਨ ਕਿਉਂਕਿ ਉਦੋਂ ਲੋਕਾਂ ਨੂੰ ਬੁਢਾਪਾ ਪੈਨਸ਼ਨ, ਸਸਤੀ ਕਣਕ ਤੇ ਹੋਰ ਵੀ ਕਈ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡੀ ਸੀ, ਜਿਸ ਤੋਂ ਲੋਕ ਭਲੀਭਾਂਤ ਜਾਣੂ ਹਨ ਤੇ ਕਾਂਗਰਸ ਸਰਕਾਰ ਜਦ ਦੀ ਸੱਤਾ ’ਚ ਆਈ ਉਦੋਂ ਹੀ ਲੋਕਾਂ ਨੂੰ ਖਾਲੀ ਭਾਂਡੇ ਲੈ ਕੇ ਸਡ਼ਕਾਂ ’ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ।