ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਲੋਕਾਂ ''ਚ ਰੋਸ
Thursday, Dec 28, 2017 - 12:45 AM (IST)
ਬਟਾਲਾ/ਕਲਾਨੌਰ, (ਬੇਰੀ, ਮਨਮੋਹਨ)- ਇਤਿਹਾਸਕ ਕਸਬਾ ਕਲਾਨੌਰ ਦੀ ਬਾਬਾ ਕਾਰ ਜੀ ਕਾਲੋਨੀ ਵਿਖੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਕਾਰ ਜੀ ਕਾਲੋਨੀ ਦੇ ਵਾਸੀ ਮਾ. ਸਵਰਨ ਸਿੰਘ, ਵਰਿੰਦਰ ਮੈਨੀ, ਬਲਜਿੰਦਰ ਸਿੰਘ, ਸਤਨਾਮ ਸਿੰਘ, ਅੰਕੁਸ਼ ਸ਼ਰਮਾ, ਬਲਜੀਤ ਸਿੰਘ, ਬਿੱਲਾ ਫੌਜੀ, ਕੁਲਦੀਪ ਸਿੰਘ ਆਦਿ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਗੰਦੇ ਪਾਣੀ ਦਾ ਨਿਕਾਸ ਸਹੀ ਢੰਗ ਨਾਲ ਨਾ ਹੋਣ ਕਾਰਨ ਸਾਰਾ ਗੰਦਾ ਪਾਣੀ ਕਾਲੋਨੀ ਵਿਚ ਹੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਗੰਦਗੀ ਦਾ ਆਲਮ ਬਣਿਆ ਹੋਇਆ ਹੈ ਜੋ ਕਿਸੇ ਭਿਆਨਕ ਬੀਮਾਰੀ ਦਾ ਵੀ ਰੂਪ ਧਾਰਨ ਕਰ ਸਕਦਾ ਹੈ ਅਤੇ ਇਸ ਗੰਦੇ ਪਾਣੀ ਨਾਲ ਘਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਸਰਕਾਰੀ ਅਧਿਕਾਰੀਆਂ ਅਤੇ ਗ੍ਰਾਮ ਪੰਚਾਇਤ ਨੂੰ ਇਸ ਪਰੇਸ਼ਾਨੀ ਦਾ ਹੱਲ ਕਰਨ ਲਈ ਲਿਖਤੀ ਮੰਗ ਕਰ ਚੁੱਕੇ ਹਾਂ ਪਰ ਅੱਜ ਤੱਕ ਇਸ ਮਾਮਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਇਸ ਸਬੰਧੀ ਅੱਜ ਉਕਤ ਕਾਲੋਨੀ ਦੇ ਲੋਕਾਂ ਵੱਲੋਂ ਆਪਣਾ ਰੋਸ ਪ੍ਰਗਟ ਕਰਦੇ ਹੋਏ ਬੀ. ਡੀ. ਪੀ. ਓ ਗੁਰਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ। ਮਾਮਲੇ ਸਬੰਧੀ ਜਦੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕਲਾਨੌਰ ਬੀ. ਡੀ. ਪੀ. ਓ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਬਾਬਾ ਕਾਰ ਜੀ ਕਾਲੋਨੀ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਗੰਦੇ ਪਾਣੀ ਦੇ ਨਿਕਾਸ ਪ੍ਰਬੰਧਾਂ ਨੂੰ ਠੀਕ ਕਰਵਾ ਕੇ ਮੁਹੱਲਾ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ।
