ਅੱਧੀ ਰਾਤ ਤੋਂ ਬਾਅਦ ਜ਼ਿਲ੍ਹਾ ਪੁਲਸ ਮੁਖੀ ਦੇ ਭਰੋਸੇ ''ਤੇ ਪੰਥਕ ਧਿਰਾਂ ਨੇ ਚੁੱਕਿਆ ਮੋਰਚਾ

Monday, Jul 05, 2021 - 07:53 PM (IST)

ਭਵਾਨੀਗੜ੍ਹ(ਵਿਕਾਸ)- ਬੀਤੇ ਕੱਲ ਦੁਪਹਿਰ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਜੌਲੀਆਂ ਬੇਅਦਬੀ ਕਾਂਡ 'ਚ ਪੁਲਸ ਜਾਂਚ ਤੋਂ ਅਸੰਤੁਸ਼ਟ ਹੁੰਦਿਆਂ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਰੋਸ ਜਾਹਿਰ ਕਰਦਿਆਂ ਸ਼ਹਿਰ ਦੇ ਨਵੇਂ ਬੱਸ ਅੱਡੇ ਨੇੜੇ ਮੁੱਖ ਸੜਕ ਨੂੰ ਜਾਮ ਕਰਕੇ ਲਾਇਆ ਮੋਰਚਾ ਐਤਵਾਰ ਦੇਰ ਰਾਤ ਐੱਸ.ਐੱਸ.ਪੀ. ਦੇ ਭਰੋਸੇ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪੰਥਕ ਜਥੇਬੰਦੀਆਂ ਇੱਕ ਸੁਰ ਵਿੱਚ ਮੰਗ ਕਰ ਰਹੀਆਂ ਸਨ ਕਿ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਖ਼ਿਲਾਫ਼ ਹੋਰ ਸਖਤ ਧਾਰਾਵਾਂ ਲਾ ਕੇ ਉਸਦੇ ਪਿੱਛੇ ਕੰਮ ਕਰਨ ਵਾਲੀਆਂ ਤਾਕਤਾਂ ਨੂੰ ਪੁਲਸ ਸੰਗਤ ਸਾਹਮਣੇ ਲਿਆਵੇ ਅਤੇ ਗੁਰੂ ਘਰ ਦੀ ਸਾਂਭ ਸੰਭਾਲ 'ਚ ਕਥਿਤ ਅਣਗਹਿਲੀ ਵਰਤਣ ਵਾਲੇ ਕਮੇਟੀ ਮੈਂਬਰਾਂ ਖ਼ਿਲਾਫ਼ ਪਰਚਾ ਦਰਜ ਕਰੇ।

ਸਿੱਖ ਜਥੇਬੰਦੀਆਂ ਦੇ ਵੱਲੋਂ ਮੁੱਖ ਸੜਕ ਨੂੰ ਜਾਮ ਕਰਨ ਤੋਂ ਬਾਅਦ ਇਲਾਕੇ 'ਚ ਮਾਹੌਲ ਦੇਰ ਰਾਤ ਤੱਕ ਤਨਾਅਪੂਰਨ ਬਣਿਆ ਰਿਹਾ ਉੱਥੇ ਹੀ ਸਥਿਤੀ 'ਤੇ ਨਜ਼ਰ ਰੱਖਣ ਲਈ ਧਰਨੇ ਵਾਲੀ ਥਾਂ 'ਤੇ ਤਾਇਨਾਤ ਪੁਲਸ ਦੇ ਉਚਅਧਿਕਾਰੀ ਸਿੱਖ ਜਥੇਬੰਦੀਆਂ ਨੂੰ ਜਾਮ ਖੋਲ੍ਹਣ ਦੀ ਵਾਰ-ਵਾਰ ਅਪੀਲ ਕਰਦੇ ਰਹੇ ਪਰੰਤੂ ਜਥੇਬੰਦੀਆਂ ਆਪਣੀਆਂ ਮੰਗਾਂ 'ਤੇ ਅੜੀਆਂ ਰਹੀਆਂ। ਆਖਿਰਕਾਰ ਰਾਤ ਦੇ ਇੱਕ ਵਜੇ ਦੇ ਕਰੀਬ ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਪਹੁੰਚੇ ਅਤੇ ਪੰਥਕ ਜਥੇਬੰਦੀਆਂ ਨਾਲ ਗੱਲਬਾਤ ਕੀਤੀ, ਕਰੀਬ 40 ਮਿੰਟਾਂ ਦੀ ਗੱਲਬਾਤ ਤੋਂ ਬਾਅਦ ਐੱਸ.ਐੱਸ.ਪੀ. ਨੇ ਭਰੋਸਾ ਦਵਾਇਆ ਕਿ ਬੇਅਦਬੀ ਮਾਮਲੇ 'ਚ ਗ੍ਰਿਫ਼ਤਾਰ ਕੀਤੀ ਔਰਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਸਖਤੀ ਨਾਲ ਪੁੱਛਗਿੱਛ ਕਰਨ ਲਈ ਉਸਦਾ ਹੋਰ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਨਾਲ ਹੀ ਸਿੱਖ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਅਣਗਹਿਲੀ ਵਰਤਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਅਣਗਹਿਲੀ ਸਾਹਮਣੇ ਆਉਣ 'ਤੇ ਜਿੰਮੇਵਾਰ ਲੋਕਾਂ ਵਿਰੁੱਧ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪੁਲਸ ਮੁਖੀ ਤੋਂ ਮਿਲੇ ਭਰੋਸੇ ਉਪਰੰਤ ਸਿੱਖ ਜਥੇਬੰਦੀਆਂ ਨੇ ਅਪਣਾ ਧਰਨਾ ਸਮਾਪਤ ਕੀਤਾ।

ਓਧਰ ਸਿੱਖ ਸਦਭਾਵਨਾ ਦਲ ਸੰਗਰੂਰ ਦੇ ਸੇਵਾਦਾਰ ਅਤੇ ਜੌਲੀਆਂ ਬੇਅਦਬੀ ਜਾਂਚ ਕਮੇਟੀ ਦੇ ਮੈਂਬਰ ਭਾਈ ਬਚਿੱਤਰ ਸਿੰਘ ਨੇ ਆਖਿਆ ਕਿ ਭਾਵੇਂ ਪੁਲਸ ਪ੍ਰਸ਼ਾਸਨ ਦੇ ਭਰੋਸੇ 'ਤੇ ਸਿੱਖ ਜਥੇਬੰਦੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਪਰੰਤੂ ਮਾਮਲੇ 'ਚ ਇਨਸਾਫ਼ ਨਾ ਮਿਲਣ 'ਤੇ ਸਿੱਖ ਸੰਗਤ ਚੁੱਪ ਨਹੀਂ ਬੈਠੇਗੀ। ਉਨ੍ਹਾਂ ਕਿਹਾ ਕਿ ਪੰਜ ਦਿਨਾਂ ਦੇ ਸਮੇਂ ਤੋਂ ਬਾਅਦ ਪੰਥਕ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਮਾਮਲੇ 'ਚ ਕਾਬੂ ਔਰਤ ਦਾ ਨਾਰਕੋ ਟੈਸਟ ਕਰਵਾਉਣ ਦੀ ਮੰਗ ਵੀ ਕੀਤੀ ਜਾਵੇਗੀ।


Bharat Thapa

Content Editor

Related News