ਫਿਰੋਜ਼ਪੁਰ ਜ਼ਿਲੇ ''ਚ ਵੀ ਵਧਣ ਲੱਗਾ ਕੈਂਸਰ ਦਾ ਪ੍ਰਕੋਪ

01/08/2018 7:50:01 AM

ਫਿਰੋਜ਼ਪੁਰ, (ਕੁਮਾਰ)— ਫਿਰੋਜ਼ਪੁਰ ਜ਼ਿਲੇ ਵਿਚ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬੀਮਾਰੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਲਾਸਟ ਸਟੇਜ 'ਤੇ ਪਤਾ ਚੱਲਣ ਦੇ ਕਾਰਨ ਬਹੁਤ ਸਾਰੇ ਲੋਕ ਅਲਵਿਦਾ ਕਹਿੰਦੇ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਹਨ। ਡਾਕਟਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਔਰਤਾਂ ਵਿਚ ਬ੍ਰੈਸਟ ਕੈਂਸਰ ਵੱਧ ਰਿਹਾ ਹੈ ਅਤੇ ਜ਼ਿਲੇ ਭਰ ਵਿਚ ਛੋਟੀ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਬਲੱਡ ਕੈਂਸਰ, ਗਲੇ ਦੇ ਕੈਂਸਰ, ਸਕਿਨ ਕੈਂਸਰ ਆਦਿ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਕੈਂਸਰ ਦੀ ਬੀਮਾਰੀ ਹੋਣ ਦਾ ਜਿਵੇਂ ਹੀ ਪਤਾ ਲੱਗਦਾ ਹੈ, ਉਹ ਇਲਾਜ ਕਰਵਾਉਣ ਲਈ ਵਿਦੇਸ਼ਾਂ 'ਚ ਚਲੇ ਜਾਂਦੇ ਹਨ ਅਤੇ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਣ ਦਿੰਦੇ। 
ਕੀ ਕਹਿੰਦੇ ਨੇ ਅੰਬੈਸਡਰ ਡਾ. ਕੁਲਦੀਪ ਸਿੰਘ ਧਾਲੀਵਾਲ 
ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਅੰਬੈਸਡਰ ਡਾ. ਕੁਲਦੀਪ ਸਿੰਘ ਧਾਲੀਵਾਲ ਅਤੇ ਫਿਰੋਜ਼ਪੁਰ ਦੇ ਮਾਹਿਰ ਡਾ. ਕਮਲ ਬਾਗੀ ਨੇ ਦੱਸਿਆ ਕਿ ਪੰਜਾਬ ਵਿਚ ਕੈਂਸਰ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਰੋਜ਼ਾਨਾ ਪੰਜਾਬ ਵਿਚ ਕੈਂਸਰ ਪੀੜਤ 43 ਮਰੀਜ਼ਾਂ ਦੀ ਮੌਤ ਹੋ ਰਹੀ ਹੈ, ਜਿਸ ਵਿਚ 36 ਔਰਤਾਂ ਬ੍ਰੈਸਟ ਕੈਂਸਰ ਆਦਿ ਤੋਂ ਪੀੜਤ ਹੁੰਦੀਆਂ ਹਨ। ਉਨ੍ਹਾਂ ਨੇ ਔਰਤਾਂ ਨੂੰ ਕਿਹਾ ਕਿ ਆਪਣੇ-ਆਪਣੇ ਬੱਚਿਆਂ ਨੂੰ ਬ੍ਰੈਸਟ ਫੀਡ ਦਿਉ ਅਤੇ ਸਮੇਂ-ਸਮੇਂ 'ਤੇ ਆਪਣਾ ਚੈੱਕਅਪ ਕਰਵਾਉਂਦੇ ਰਹੋ। ਉਨ੍ਹਾਂ ਕਿਹਾ ਕਿ ਪਹਿਲੀ ਸਟੇਜ 'ਤੇ ਪਤਾ ਲੱਗਣ ਨਾਲ ਬ੍ਰੈਸਟ ਕੈਂਸਰ ਤੋਂ ਪੀੜਤ ਔਰਤਾਂ ਨੂੰ ਬਚਾਇਆ ਜਾ ਸਕਦਾ ਹੈ। ਕੁਦਰਤ ਦੇ ਨਾਲ ਕਦੇ ਛੇੜਛਾੜ ਨਾ ਕਰੋ ਅਤੇ ਲੋਕਾਂ ਨੂੰ ਸ਼ੁੱਧ ਪਾਣੀ, ਸਾਫ ਵਾਤਾਵਰਣ, ਸਿੱਖਿਆ ਤੇ ਜ਼ਰੂਰਤਮੰਦ ਕੈਂਸਰ ਤੋਂ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਮੁਫਤ ਦਵਾਈਆਂ ਉਪਲੱਬਧ ਕਰਵਾਓ। ਡਾ. ਧਾਲੀਵਾਲ ਨੇ ਕਿਹਾ ਕਿ ਦਾਨ ਦੇਣ ਦੀ ਦਿਸ਼ਾ ਬਦਲੋ ਅਤੇ ਲੋਕਾਂ ਨੂੰ ਆਪਣਾ ਸਮੇਂ-ਸਮੇਂ 'ਤੇ ਚੈੱਕਅਪ ਕਰਵਾਉਣ ਲਈ ਜਾਗਰੂਕ ਕਰੋ। ਬਲੱਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਪੰਜਾਬ ਵਿਚ ਚੈੱਕਅਪ ਲਈ ਵਿਸ਼ੇਸ਼ ਮੈਡੀਕਲ ਸਹੂਲਤਾਂ ਅਤੇ ਮੈਮੋਗ੍ਰਾਫੀ ਨਾਲ ਲੈਸ ਗੱਡੀਆਂ ਭੇਜੀਆਂ ਗਈਆਂ ਹਨ ਅਤੇ ਇਸ ਸਾਲ ਦੇ ਅੰਤ ਤੱਕ ਅਸੀਂ ਪੰਜਾਬ ਦੇ ਸਾਰੇ 12783 ਪਿੰਡਾਂ ਵਿਚ ਜਾ ਕੇ ਲੋਕਾਂ ਦਾ ਚੈੱਕਅਪ ਕਰਨਾ ਹੈ। ਜੇਕਰ ਕੋਈ ਕੈਂਸਰ ਤੋਂ ਪੀੜਤ ਮਰੀਜ਼ ਆਪਣਾ ਇਲਾਜ ਨਹੀਂ ਕਰਵਾ ਸਕਦਾ ਤਾਂ ਉਸਨੂੰ ਅਸੀਂ ਗੋਦ ਲਵਾਂਗੇ। 
ਫਿਰੋਜ਼ਪੁਰ 'ਚ ਕੈਂਸਰ ਪੀੜਤ ਮਰੀਜ਼ ਦੇ ਇਲਾਜ ਲਈ ਮਾਹਿਰ ਡਾਕਟਰ ਤੇ ਹੋਰ ਸਹੂਲਤਾਂ ਹੋਣੀਆਂ ਚਾਹੀਦੀਆਂ  
ਸੇਵਾ ਮੁਕਤ ਬੈਂਕ ਅਧਿਕਾਰੀ ਸੁਦੇਸ਼ ਵਰਮਾ ਅਤੇ ਐੱਨ. ਜੀ. ਓ. ਜੋਗਿੰਦਰ ਸਿੰਘ ਚਾਵਲਾ ਦਾ ਮੰਨਣਾ ਹੈ ਕਿ ਫਿਰੋਜ਼ਪੁਰ ਡਵੀਜ਼ਨਲ ਹੈੱਡ ਕੁਆਰਟਰ ਹੈ ਅਤੇ ਫਿਰੋਜ਼ਪੁਰ ਵਿਚ ਕੈਂਸਰ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਮਾਹਿਰ ਡਾਕਟਰ ਅਤੇ ਹੋਰ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਫਿਰੋਜ਼ਪੁਰ ਦੇ ਮਰੀਜ਼ਾਂ ਨੂੰ ਕੈਂਸਰ ਦਾ ਇਲਾਜ ਕਰਵਾਉਣ ਲਈ ਲੁਧਿਆਣਾ, ਫਰੀਦਕੋਟ ਤੇ ਹੋਰ ਵੱਡੇ ਸ਼ਹਿਰਾਂ ਵਿਚ ਜਾਣਾ ਪੈਂਦਾ ਹੈ ਅਤੇ ਅਜਿਹੇ ਸੈਂਕੜੇ ਪਰਿਵਾਰ ਹਨ, ਜਿਨ੍ਹਾਂ ਦੇ ਘਰ ਇਲਾਜ ਕਰਵਾਉਣ ਵਿਚ ਵਿਕ ਗਏ ਅਤੇ ਪਰਿਵਾਰ ਸੜਕਾਂ 'ਤੇ ਆ ਗਏ ਹਨ।
ਵਰਮਾ ਅਤੇ ਚਾਵਲਾ ਨੇ ਕਿਹਾ ਕਿ ਜੇਕਰ ਫਿਰੋਜ਼ਪੁਰ ਵਿਚ ਕੈਂਸਰ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕਰਨ ਲਈ ਮਾਹਿਰ ਡਾਕਟਰ, ਟ੍ਰੋਮਾ ਵਾਰਡ, ਆਈ. ਸੀ. ਯੂ. ਅਤੇ ਮੁਫਤ ਵਿਚ ਦਵਾਈਆਂ ਦਾ ਪ੍ਰਬੰਧ ਹੋਵੇਗਾ ਤਾਂ ਕੈਂਸਰ ਤੋਂ ਪੀੜਤ ਮਰੀਜ਼ ਬਚ ਸਕਦੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਪ੍ਰੇਸ਼ਾਨੀਆਂ ਕੁਝ ਘੱਟ ਹੋ ਸਕਦੀਆਂ ਹਨ। 
ਬੀਕਾਨੇਰ ਵੱਲ ਚੱਲਣ ਵਾਲੀ ਕੈਂਸਰ ਐਕਸਪ੍ਰੈੱਸ ਰੇਲ ਗੱਡੀ 'ਚ ਫਿਰੋਜ਼ਪੁਰ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ 
ਲਾਈਫ ਸੇਵਰ ਵੈੱਲਫੇਅਰ ਸੁਸਾਇਟੀ ਫਿਰੋਜ਼ਪੁਰ ਦੇ ਪ੍ਰਧਾਨ ਐਡਵੋਕੇਟ ਜੇ. ਐੱਸ. ਸੋਢੀ ਨੇ ਦੱਸਿਆ ਕਿ ਬਠਿੰਡਾ ਤੋਂ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਚਲਦੀ ਬੀਕਾਨੇਰ ਐਕਸਪ੍ਰੈੱਸ ਰੇਲ ਗੱਡੀ ਵਿਚ ਫਿਰੋਜ਼ਪੁਰ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿਚ ਵਧਦੇ ਕੈਂਸਰ ਦੀ ਰੋਕਥਾਮ ਲਈ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਨੂੰ ਬੜੀ ਈਮਾਨਦਾਰੀ ਨਾਲ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਅਤੇ ਕੈਂਸਰ ਦੀ ਬੀਮਾਰੀ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਐਡਵੋਕੇਟ ਸੋਢੀ ਨੇ ਕਿਹਾ ਕਿ ਕੈਂਸਰ ਤੋਂ ਪੀੜਤ ਮਰੀਜ਼ਾਂ ਨੂੰ ਫਿਰੋਜ਼ਪੁਰ ਸਰਕਾਰੀ ਹਸਪਤਾਲ ਵਿਚ ਮੁਫਤ ਦਵਾਈਆਂ ਮਿਲਣੀਆਂ ਚਾਹੀਦੀਆਂ ਹਨ। 


Related News