ਪਤਨੀ ਨੂੰ ਆਈਲੈੱਟਸ ਸੈਂਟਰ 'ਚ ਛੱਡਣ ਮਗਰੋਂ ਮਾਪਿਆਂ ਦਾ ਇਕਲੌਤਾ ਪੁੱਤ ਹੋਇਆ ਲਾਪਤਾ, ਜਾਂਚ 'ਚ ਜੁਟੀ ਪੁਲਸ

Friday, Dec 15, 2023 - 06:35 PM (IST)

ਸੁਲਤਾਨਪੁਰ ਲੋਧੀ (ਧੀਰ)-ਸੁਲਤਾਨਪੁਰ ਲੋਧੀ ਵਿਖੇ ਪਿੰਡ ਖੈੜਾ ਬੇਟ ਦੇ 36 ਸਾਲਾ ਨੌਜਵਾਨ ਦੇ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਿਆ। ਇਹ ਨੌਜਵਾਨ ਬੀਤੀ 12 ਦਸੰਬਰ ਨੂੰ ਆਪਣੀ ਪਤਨੀ ਨੂੰ ਆਈਲੈੱਟਸ ਸੈਂਟਰ ਕਪੂਰਥਲਾ ਵਿਖੇ ਛੱਡਣ ਤੋਂ ਬਾਅਦ ਘਰ ਨਹੀਂ ਪਰਤਿਆ, ਜਦੋਂਕਿ ਉਸ ਦੀ ਕਾਰ ਪਿੰਡ ਸੁਰਖਪੁਰ ਨੇੜੇ ਸਰਕਾਰੀ ਸਕੂਲ ਦੀ ਗਰਾਊਂਡ ਦੇ ਬਾਹਰੋਂ ਲਾਵਾਰਸ ਹਾਲਤ ਵਿਚ ਮਿਲੀ। ਜਿੱਥੇ ਕਾਰ ਦੀਆਂ ਖਿੜਕੀਆਂ ਖੁੱਲ੍ਹੀਆਂ ਸਨ ਅਤੇ ਅੰਦਰ ਚਾਬੀ ਵੀ ਮੌਜੂਦ ਸੀ ਅਤੇ ਨੌਜਵਾਨ ਦੇ ਇਕ ਪੈਰ ਦੀ ਜੁੱਤੀ ਵੀ ਅੰਦਰ ਪਈ ਸੀ। ਫਿਲਹਾਲ ਸੁਲਤਾਨਪੁਰ ਲੋਧੀ ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਅਨੁਸਾਰ ਮਾਮਲਾ ਸ਼ੱਕੀ ਹੈ ਅਤੇ ਅਗਵਾ ਨਾਲ ਸਬੰਧਤ ਨਹੀਂ ਜਾਪਦਾ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

PunjabKesari

ਪਿੰਡ ਖੈੜਾ ਬੇਟ ਦੇ ਵਸਨੀਕ ਦਲਬੀਰ ਸਿੰਘ ਨੇ ਦੱਸਿਆ ਕਿ ਉਸ ਦਾ 36 ਸਾਲਾ ਇਕਲੌਤਾ ਪੁੱਤਰ ਜਸਵੰਤ ਸਿੰਘ 12 ਦਸੰਬਰ ਦੀ ਸਵੇਰ ਨੂੰ ਆਪਣੀ ਪਤਨੀ ਇੰਦਰਜੀਤ ਕੌਰ ਨੂੰ ਆਈਲੈਟਸ ਸੈਂਟਰ ਵਿਚ ਛੱਡਣ ਲਈ ਕਾਰ ਰਾਹੀਂ ਕਪੂਰਥਲਾ ਗਿਆ ਸੀ ਪਰ ਬਾਅਦ ਵਿਚ ਘਰ ਵਾਪਸ ਨਹੀਂ ਆਇਆ। ਉਹ ਕਾਫ਼ੀ ਦੇਰ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਉਸ ਦੇ ਫੋਨ ’ਤੇ ਕਾਲ ਕੀਤੀ ਤਾਂ ਉਹ ਸਵਿੱਚ ਆਫ਼ ਆਇਆ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਿਤਾ ਅਨੁਸਾਰ ਤਲਾਸ਼ੀ ਦੌਰਾਨ ਉਸ ਦੀ ਕਾਰ ਪਿੰਡ ਸੁਰਖਪੁਰ ਨੇੜੇ ਸਰਕਾਰੀ ਸਕੂਲ ਦੀ ਗਰਾਊਂਡ ਦੇ ਬਾਹਰ ਪਈ ਮਿਲੀ। ਕਾਰ ਦੇ ਸਟੀਅਰਿੰਗ ਵ੍ਹੀਲ ’ਚ ਚਾਬੀ ਫਸੀ ਹੋਈ ਸੀ ਅਤੇ ਖਿੜਕੀਆਂ ਵੀ ਖੁੱਲ੍ਹੀਆਂ ਸਨ ਅਤੇ ਅੰਦਰ ਜਸਵੰਤ ਸਿੰਘ ਦੇ ਪੈਰ ਦੀ ਇਕ ਜੁੱਤੀ ਵੀ ਪਈ ਸੀ। ਪਿਤਾ ਨੇ ਕਿਹਾ ਹੈ ਕਿ ਉਸ ਦੀ ਪਿੰਡ ਵਿਚ ਕਿਸੇ ਨਾਲ ਕੋਈ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ। ਉਨ੍ਹਾਂ ਪੁਲਸ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਨੂੰ ਜਲਦੀ ਲੱਭਿਆ ਜਾਵੇ।

ਇਸ ਦੌਰਾਨ ਜਸਵੰਤ ਸਿੰਘ ਦੀ ਪਤਨੀ ਇੰਦਰਜੀਤ ਕੌਰ ਨੇ ਦੱਸਿਆ ਕਿ 12 ਦਸੰਬਰ ਨੂੰ ਉਸ ਨੂੰ ਆਈਲੈੱਟਸ ਸੈਂਟਰ ਛੱਡਣ ਤੋਂ ਬਾਅਦ ਉਸ ਦਾ ਪਤੀ ਘਰ ਵਾਪਸ ਨਹੀਂ ਆਇਆ, ਇਸ ਬਾਰੇ ਉਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗਾ। ਕਲਾਸ ਖ਼ਤਮ ਹੋਣ ਤੋਂ ਬਾਅਦ ਜਦੋਂ ਉਸ ਨੇ ਆਪਣੇ ਪਤੀ ਨੂੰ ਫ਼ੋਨ ਕੀਤਾ ਤਾਂ ਉਹ ਸਵਿੱਚ ਆਫ਼ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਪ੍ਰੇਸ਼ਾਨ ਨਹੀਂ ਸੀ, ਉਹ ਬਿਲਕੁਲ ਠੀਕ ਸੀ। ਉਨ੍ਹਾਂ ਪੁਲਸ ਨੂੰ ਉਸ ਦੇ ਪਤੀ ਦੀ ਭਾਲ ਕਰਨ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ : 3 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਨੂੰ ਮਿਲਣ ਦੀ ਇੱਛਾ ਰਹਿ ਗਈ ਅਧੂਰੀ

ਸ਼ੱਕੀ ਵਿਅਕਤੀਆਂ ਨੂੰ ਬੁਲਾ ਕੇ ਕੀਤੀ ਗਈ ਹੈ ਪੁੱਛਗਿੱਛ: ਡੀ. ਐੱਸ. ਪੀ.
ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੱਕੀ ਵਿਅਕਤੀਆਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਅਗਵਾ ਨਾਲ ਵੀ ਸਬੰਧਤ ਨਹੀਂ ਹੈ। ਫਿਰ ਵੀ ਪੁਲਸ ਜਾਂਚ ਕਰ ਰਹੀ ਹੈ। ਜਲਦੀ ਹੀ ਇਸ ਦਾ ਖ਼ੁਲਾਸਾ ਕਰਨਗੇ। ਇਸ ਦੇ ਨਾਲ ਹੀ ਫੋਨ ਦੀ ਲੋਕੇਸ਼ਨ ਵੀ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਨੌਜਵਾਨ ਨੂੰ ਲੱਭ ਲਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

 


shivani attri

Content Editor

Related News