ਪ੍ਰਬੰਧਾ ਦੀ ਗਾਟ ਕਾਰਨ ਮੁੱਦਕੀ ਦੇ ਪੁਰਾਣੇ ਮੁੱਖ ਮਾਰਗ ਦੀ ਹੋਂਦ ਖਤਰੇ ''ਚ

01/29/2018 2:29:46 PM


ਮੁੱਦਕੀ (ਹੈਪੀ) - ਇਥੋਂ ਦੇ ਪੁਰਾਣੇ ਮੁੱਖ ਮਾਰਗ 'ਤੇ ਸ਼ਹਿਰੀ ਇਲਾਕੇ 'ਚ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧਾਂ ਦੀ ਘਾਟ ਕਾਰਨ ਇਸ ਦੀ ਹੋਂਦ ਇਕ ਵਾਰ ਖਤਰੇ 'ਚ ਪੈ ਚੁੱਕੀ ਹੈ। ਜਦ ਕਦੇ ਵੀ ਬਾਰਿਸ਼ ਹੁੰਦੀ ਹੈ ਤਾਂ ਪੂਰੀ ਸੜਕ ਜਲਮਗਨ ਹੋ ਜਾਂਦੀ ਹੈ। ਵਿਕਾਸ ਦਾ ਉੱਚੀ-ਉੱਚੀ ਢੰਡੋਰਾ ਪਿੱਟਣ ਵਾਲੇ ਅਕਾਲੀਆਂ ਦੇ ਰਾਜ ਦਾ ਵੀ ਪੂਰਾ ਇਕ ਦਹਾਕਾ ਨਿਕਲ ਗਿਆ ਪਰ 'ਰਾਜ ਨਹੀਂ ਸੇਵਾ' ਦੇ ਇਸ ਦਹਾਕੇ 'ਚ ਵੀ ਉਹ ਮੁੱਖ ਮਾਰਗ 'ਤੇ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧ ਨਹੀਂ ਕਰ ਸਕੇ, ਭਾਵੇਂ ਕਿ ਨਗਰ ਪੰਚਾਇਤ 'ਤੇ ਅਜੇ ਵੀ ਅਕਾਲੀ ਹੀ ਕਾਬਜ਼ ਹਨ, ਜਦਕਿ ਸੂਬੇ 'ਚ ਹੁਣ ਸੱਤਾ ਦੀ ਵਾਗਡੋਰ ਸਾਂਭੀ ਬੈਠੀ ਕਾਂਗਰਸ ਦਾ ਵੀ ਇਕ ਸਾਲ ਪੂਰਾ ਹੋਣ ਨੂੰ ਹੈ ਪਰ ਸ਼ਹਿਰ ਦੀ ਇਸ ਮੁੱਖ ਸਮੱਸਿਆ ਵੱਲ ਕਾਂਗਰਸੀ ਅੱਖਾਂ ਬੰਦ ਕਰੀ ਬੈਠੇ ਹਨ।

ਕੀ ਹੈ ਸਮੱਸਿਆ ਦਾ ਕਾਰਨ 
ਦੱਸ ਦਈਏ ਕਿ ਜਦ ਕਦੇ ਵੀ ਬਾਰਿਸ਼ ਹੁੰਦੀ ਹੈ ਤਾਂ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧਾਂ ਦੀ ਘਾਟ ਕਾਰਨ ਬਾਰਿਸ਼ ਦਾ ਪਾਣੀ ਦੁਕਾਨਾਂ ਦੇ ਅੰਦਰ ਦਾਖਲ ਹੋ ਜਾਂਦਾ ਹੈ, ਜਿਸ ਨਾਲ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਇਸ ਤੋਂ ਬਚਾਅ ਲਈ ਦੁਕਾਨਦਾਰਾਂ ਨੇ ਹੌਲੀ-ਹੌਲੀ ਆਪਣੀਆਂ ਦੁਕਾਨਾਂ ਦੇ ਅੱਗੇ ਵਾਲੀ ਜਗ੍ਹਾ ਨੂੰ ਉੱਚਾ ਕਰ ਦਿੱਤਾ ਤੇ ਹੁਣ ਬਾਰਿਸ਼ ਦਾ ਪਾਣੀ ਸੜਕ 'ਤੇ ਜਮ੍ਹਾ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਇਹ ਪਾਣੀ ਸੜਕ ਦੀ ਭੰਨ-ਤੋੜ ਕਰਨ 'ਚ ਕਿੰਨਾ ਕੁ ਸਮਾਂ ਲਾਵੇਗਾ, ਇਹ ਸਭ ਨੂੰ ਪਤਾ ਹੈ।
ਯਾਦ ਰਹੇ ਕਿ ਭੂਤਕਾਲ 'ਚ ਸ਼ਹਿਰ ਵਾਸੀ ਟੁੱਟੀ ਹੋਈ ਸੜਕ ਦਾ ਨਰਕ ਭੋਗ ਚੁੱਕੇ ਹਨ। ਮੁੱਦਕੀ ਨਿਵਾਸੀਆਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ 1995-1996 'ਚ ਟੁੱਟੀ ਇਸ ਸੜਕ ਦੀ ਮੁਰੰਮਤ ਦਾ ਕੰਮ ਕਾਫੀ ਰੌਲੇ-ਰੱਪੇ ਤੋਂ ਬਾਅਦ 2004 'ਚ ਮੁਕੰਮਲ ਹੋਇਆ ਸੀ। ਦੁਕਾਨਦਾਰਾਂ, ਰਾਹਗੀਰਾਂ ਤੇ ਹੋਰ ਲੋਕਾਂ ਵੱਲੋਂ ਕਰੀਬ ਇਕ ਦਹਾਕੇ ਤੱਕ ਇਥੇ ਨਰਕ ਭੋਗਿਆ ਗਿਆ ਤੇ ਅੱਜ ਫਿਰ ਉਹੀ ਹਾਲਾਤ ਬਣਨ ਨੂੰ ਹਨ ਪਰ ਸਰਕਾਰੀ ਤੰਤਰ ਹੈ ਕਿ ਇਸ ਮਾਮਲੇ 'ਚ ਗੰਭੀਰ ਨਹੀਂ ਹੈ। ਜੇਕਰ ਹਾਲਾਤ ਇਹੀ ਰਹੇ ਤਾਂ ਲੋਕ ਫਿਰ ਤੋਂ ਨਰਕ ਭੋਗਣ ਲਈ ਤਿਆਰ ਰਹਿਣ।


Related News