1957 ਤੋਂ ਲਗਾਤਾਰ ਵੱਧਦੀ ਜਾ ਰਹੀ ਹੈ ਸਿਆਸੀ ਪਾਰਟੀਆਂ ਦੀ ਗਿਣਤੀ

Saturday, Jan 22, 2022 - 02:36 PM (IST)

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ 2022 ਜਿੱਤਣ ਲਈ ਹਰ ਸਿਆਸੀ ਪਾਰਟੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ। ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਰਾਜਨੀਤੀ ਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ। ਹਰ ਆਗੂ ਚੋਣਾਂ 'ਚ ਕਿਸਮਤ ਅਜ਼ਮਾਉਣ ਲਈ ਜੱਦੋ-ਜ਼ਹਿਦ ਕਰ ਰਿਹਾ ਹੈ। ਆਜ਼ਾਦੀ ਤੋਂ ਬਾਅਦ ਜਦੋਂ ਪਹਿਲੀ ਵਾਰ 1957 'ਚ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਉਦੋਂ 5 ਪਾਰਟੀਆਂ ਨੇ ਚੋਣ ਲੜੀ ਸੀ, ਜਿਨ੍ਹਾਂ 'ਚ ਇੰਡੀਅਨ ਨੈਸ਼ਨਲ ਕਾਂਗਰਸ, ਕਮਿਊਨਿਸਟ ਪਾਰਟੀ ਆਫ ਇੰਡੀਆ, ਭਾਰਤੀ ਜਨਸੰਘ, ਸ਼ਡਿਊਲਡ ਕਾਸਟ ਫੈਡਰੇਸ਼ਨ ਤੇ ਪ੍ਰਜਾ ਸੋਸ਼ਲਿਸਟ ਪਾਰਟੀ ਸੀ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਖੜ੍ਹੇ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫਰੰਸ, ਪੰਜਾਬ ਤੇ ਇੰਡਸਟਰੀ ਲਈ ਕੀਤੇ ਵੱਡੇ ਐਲਾਨ

ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਹੇਠ ਕਾਂਗਰਸ ਨੇ 1957 ਦੀਆਂ ਚੋਣਾਂ ਲੜੀਆਂ। ਸ. ਕੈਰੋਂ ਦਾ ਪਿਛੋਕੜ ਸ਼੍ਰੋਮਣੀ ਅਕਾਲੀ ਦਲ ਨਾਲ ਸੀ। ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਦੇ ਹੋਰ ਅਹੁਦਿਆਂ ’ਤੇ ਵੀ ਰਹੇ ਸਨ। ਅਕਾਲੀ ਦਲ ਦੇ ਇੱਕ ਧੜੇ ਨੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਅਤੇ ਰਲ ਕੇ ਚੋਣਾਂ ਲੜੀਆਂ।  ਗਿਆਨੀ ਕਰਤਾਰ ਸਿੰਘ ਨਾਗੋਕੇ, ਅਜੀਤ ਸਿੰਘ ਸਰਹੱਦੀ ਤੇ ਹੁਕਮ ਸਿੰਘ ਸੂਬਾ ਚੋਣ ਕਮੇਟੀ ਵਿੱਚ ਸ਼ਾਮਲ ਸਨ। ਅਕਾਲੀ 40 ਸੀਟਾਂ ਦੀ ਆਸ ਲਾਈ ਬੈਠੇ ਸਨ ਪਰ ਅਕਾਲੀਆਂ ਨੂੰ ਵਿਧਾਨ ਸਭਾ ਦੀਆਂ 22 ਅਤੇ ਲੋਕ ਸਭਾ ਦੀਆਂ 3 ਸੀਟਾਂ ਮਿਲੀਆਂ। ਮਾਸਟਰ ਤਾਰਾ ਸਿੰਘ ਨੇ 23 ਉਮੀਦਵਾਰ ਖੜ੍ਹੇ ਕੀਤੇ ਅਤੇ ਸਾਰੀਆਂ ਸੀਟਾਂ ਹਾਰ ਗਏ। ਕਾਂਗਰਸੀਆਂ ਅਤੇ ਅਕਾਲੀਆਂ ਨੇ ਮਿਲ ਕੇ 154 'ਚੋਂ 120 ਸੀਟਾਂ ’ਤੇ ਜਿੱਤ ਹਾਸਲ ਕੀਤੀ, ਜਿਨ੍ਹਾਂ ਵਿੱਚ ਅਕਾਲੀ ਦਲ ਦੇ 19, ਜਨਸੰਘ ਦੇ 9, ਸੀ.ਪੀ.ਆਈ. ਦੇ 6, ਪੀ.ਐੱਸ.ਪੀ. ਦੇ 1 ਅਤੇ 13 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। 

ਇਹ ਵੀ ਪੜ੍ਹੋ : ਟਕਸਾਲੀ ਆਗੂਆਂ ਦੇ 'ਆਪ' ਛੱਡਣ ਦਾ ਵੈਸਟ ਦੇ ਨਾਲ-ਨਾਲ ਜਲੰਧਰ ਕੈਂਟ ’ਤੇ ਵੀ ਪੈਣ ਲੱਗਾ ਅਸਰ

1957 ਤੋਂ 2017 ਤੱਕ ਪੰਜਾਬ 'ਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਬਣੇ, ਜਿਨ੍ਹਾਂ 'ਚ ਕਾਂਗਰਸ ਦੇ ਪ੍ਰਤਾਪ ਸਿੰਘ ਕੈਰੋਂ, ਗੁਰਮੁੱਖ ਸਿੰਘ ਮੁਸਾਫਿਰ, ਦਰਬਾਰਾ ਸਿੰਘ, ਗਿਆਨੀ ਜ਼ੈਲ ਸਿੰਘ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਾਜਿੰਦਰ ਕੌਰ ਭੱਠਲ,ਕੈਪਟਨ ਅਮਰਿੰਦਰ ਸਿੰਘ (2 ਵਾਰ), ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੁਰਨਾਮ ਸਿੰਘ, ਲਕਸ਼ਮਣ ਸਿੰਘ ਗਿੱਲ, ਸੁਰਜੀਤ ਸਿੰਘ ਬਰਨਾਲਾ ਤੇ ਪ੍ਰਕਾਸ਼ ਸਿੰਘ ਬਾਦਲ (5 ਵਾਰ) 4 ਮੁੱਖ ਮੰਤਰੀ ਬਣੇ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਸਿਆਸੀ ਪਾਰਟੀਆਂ ਦੀ ਗਿਣਤੀ ਵੀ ਵੱਧਦੀ ਗਈ। ਬੀਤੀਆਂ ਵਿਧਾਨ ਸਭਾ ਚੋਣਾਂ 2017 'ਚ ਚੋਣਾਂ ਲੜਨ ਵਾਲੀਆਂ ਸਿਆਸੀ ਪਾਰਟੀਆਂ ਦੀ ਗਿਣਤੀ 51 ਸੀ। ਯਾਨੀ ਹਰ ਸਾਲ ਔਸਤਨ 7 ਪਾਰਟੀਆਂ ਵੱਧ ਰਹੀਆਂ ਹਨ। ਇਸ ਦੇ ਬਾਵਜੂਦ ਪੰਜਾਬ 'ਚ ਸਿਰਫ 2 ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਹੀ ਸਰਕਾਰ ਬਣਾਉਣ 'ਚ ਕਾਮਯਾਬ ਰਹੀਆਂ ਹਨ। ਪਿਛਲੀਆਂ ਚੋਣਾਂ 2017 'ਚ ਆਮ ਆਦਮੀ ਪਾਰਟੀ ਪੰਜਾਬ ਦੀ ਰਾਜਨੀਤੀ 'ਚ ਐਂਟਰੀ ਕਰਦਿਆਂ ਹੈਰਾਨੀਜਨਕ ਪ੍ਰਦਰਸ਼ਨ ਕਰਦਿਆਂ ਅਕਾਲੀ ਦਲ ਨੂੰ ਪਛਾੜਦਿਆਂ ਦੂਜੀ ਵੱਡੀ ਪਾਰਟੀ ਬਣ ਕੇ ਉਭਰੀ। ਇਸ ਵਾਰ ਕਿਸਾਨਾਂ ਤੇ ਕੈਪਟਨ ਦੀ ਪਾਰਟੀ ਮਿਲਾ ਕੇ 3 ਨਵੀਆਂ ਪਾਰਟੀਆਂ ਬਣੀਆਂ, ਜੋ ਚੋਣ ਮੈਦਾਨ 'ਚ ਹਨ। 

ਇਹ ਵੀ ਪੜ੍ਹੋ : ਜਲੰਧਰ 'ਚ ਭਾਜਪਾ ਹਾਈਕਮਾਨ ਨੇ ਪੁਰਾਣੇ ਉਮੀਦਵਾਰਾਂ ’ਤੇ ਹੀ ਜਤਾਇਆ ਭਰੋਸਾ, ਛਾਉਣੀ ਸੀਟ ’ਤੇ ਫਸਿਆ ਪੇਚ

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ 117 ਵਿਧਾਨ ਸਭਾ ਹਲਕਿਆਂ 'ਚੋਂ 77 'ਤੇ ਜਿੱਤ ਹਾਸਲ ਕੀਤੀ ਸੀ। ਪੰਜਾਬ ਦੇ ਚੋਣ ਮੈਦਾਨ 'ਚ ਪਹਿਲੀ ਵਾਰ ਉੱਤਰੀ ਆਮ ਆਦਮੀ ਪਾਰਟੀ 20 ਸੀਟਾਂ 'ਤੇ ਜਿੱਤ ਦਰਜ ਕਰਵਾ ਕੇ ਸੂਬੇ ਵਿੱਚ ਦੂਜੇ ਨੰਬਰ ਦੀ ਪਾਰਟੀ ਬਣ ਗਈ ਸੀ। ਕਾਂਗਰਸ ਦੀ ਇਸ ਵੱਡੀ ਜਿੱਤ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਸੂਬੇ ਦੀ ਸਿਆਸਤ 'ਚ ਤੀਸਰੇ ਨੰਬਰ 'ਤੇ ਲਿਆ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਨੂੰ 15 ਅਤੇ ਭਾਜਪਾ ਨੂੰ 3 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ। ਲੋਕ ਇਨਸਾਫ਼ ਪਾਰਟੀ ਨੇ 2 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਜੋ ਕਿ ਕਰੀਬ 3 ਦਹਾਕਿਆਂ ਤੋਂ ਭਾਜਪਾ ਦੀ ਭਾਈਵਾਲ ਪਾਰਟੀ ਰਹੀ ਹੈ, ਨੇ ਕੇਂਦਰ ਸਰਕਾਰ ਵੱਲੋਂ 2020 'ਚ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਤੋਂ ਵੱਖ ਹੋਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰ ਲਿਆ। ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਜਿੱਤਦੀ ਹੈ ਤਾਂ ਉਪ ਮੁੱਖ ਮੰਤਰੀ ਇੱਕ ਦਲਿਤ ਹੋਵੇਗਾ। ਆਮ ਆਦਮੀ ਪਾਰਟੀ ਨੇ ਸਾਲ 2017 'ਚ ਲੋਕ ਇਨਸਾਫ ਪਾਰਟੀ ਨਾਲ ਗਠਜੋੜ ਕਰਕੇ ਚੋਣ ਲੜੀ ਸੀ ਪਰ ਬਾਅਦ ਵਿੱਚ ਇਹ ਗਠਜੋੜ ਵੀ ਟੁੱਟ ਗਿਆ।

ਇਹ ਵੀ ਪੜ੍ਹੋ : ਖੂਬ ਪੜ੍ਹੇ-ਲਿਖੇ ਹਨ ਪੰਜਾਬ ਦੇ ਪ੍ਰਧਾਨ, ਜਾਣੋ ਵੱਡੇ ਆਗੂਆਂ ਦੀ ਵਿੱਦਿਅਕ ਯੋਗਤਾ (ਤਸਵੀਰਾਂ)
 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News