ਪੰਜਾਬ ਦਾ ਅਗਲਾ ਮੁੱਖ ਮੰਤਰੀ ਹਿੰਦੂ ਭਾਈਚਾਰੇ ’ਚੋਂ ਹੀ ਬਣੇ : ਰਾਸ਼ਟਰਵਾਦੀ ਸ਼ਿਵ ਸੈਨਾ
Tuesday, Jun 29, 2021 - 11:24 PM (IST)
ਅੰਮ੍ਰਿਤਸਰ(ਜ.ਬ.)- ਪੰਜਾਬ ’ਚ ਸਿੱਖਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ਼ ’ਤੇ ਹਿੰਦੂਆਂ ਲਈ ਵੀ ਇਕ ਹਿੰਦੂ ਮੰਦਰ ਐਕਟ ਬਣਾਇਆ ਜਾਵੇ। ਇਸ ਦੇ ਇਲਾਵਾ ਹੁਣ ਪੰਜਾਬ ਰਾਜ ਦਾ ਅਗਲਾ ਮੁੱਖ ਮੰਤਰੀ ਵੀ ਹਿੰਦੂ ਭਾਈਚਾਰੇ ਦਾ ਹੀ ਬਣੇ। ਇਹ ਪ੍ਰਗਟਾਵਾ ਯੂਨਾਈਟਿਡ ਹਿੰਦੂ ਫ਼ਰੰਟ ਦੇ ਅੰਤਰ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਅਤੇ ਰਾਸ਼ਟਰਵਾਦੀ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਜੈ ਭਗਵਾਨ ਗੋਇਲ ਨੇ ਅੰਮ੍ਰਿਤਸਰ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਪੜ੍ਹੋ ਇਹ ਵੀ ਖ਼ਬਰ- ਬੇਅਦਬੀ ਮਾਮਲੇ ਨੂੰ ਲੈ ਕੇ ਬੀਬੀ ਜਗੀਰ ਕੌਰ ਵੱਲੋਂ ਜੌਲੀਆਂ ਗੁਰੂ ਘਰ ਦਾ ਦੌਰਾ
ਦੱਸਣਯੋਗ ਹੈ ਕਿ ਗੋਇਲ ਆਪਣੇ ਇਕ ਵਿਸ਼ੇਸ਼ ਵਫ਼ਦ ਨਾਲ ਪੰਜਾਬ ’ਚ 3 ਦਿਨਾਂ ਦੌਰੇ ’ਤੇ ਆਏ ਹੋਏ ਹਨ। ਉਨ੍ਹਾਂ ਨਾਲ ਆਏ ਵਫ਼ਦ ’ਚ ਰੋਮੀ ਚੌਹਾਨ, ਰਾਹੁਲ ਮਨਚੰਦਾ, ਸ਼ਿਵ ਕੁਮਾਰ ਸ਼ਰਮਾ, ਸ਼੍ਰੀਕਾਂਤ ਯਾਦਵ, ਹਰੇ ਰਾਮ, ਵਿਕਾਸ ਠਾਕੁਰ ਅਤੇ ਸ਼ਿਵਮ ਸ਼ਾਮਲ ਹਨ। ਪੰਜਾਬ ਰਾਸ਼ਟਰਵਾਦੀ ਸ਼ਿਵ ਸੈਨਾ ਦੇ ਨੇਤਾਵਾਂ ਨੇ ਸਪੱਸ਼ਟ ਕਿਹਾ ਕਿ ਪੰਜਾਬ ’ਚ ਜੋ ਸਿਆਸੀ ਪਾਰਟੀ ਮੁੱਖ ਮੰਤਰੀ ਦੇ ਤੌਰ ’ਤੇ ਹਿੰਦੂ ਚਿਹਰਾ ਐਲਾਨ ਕਰੇਗੀ, ਪੰਜਾਬ ਦਾ ਹਿੰਦੂ ਖਾਸ ਤੌਰ ’ਤੇ ਰਾਸ਼ਟਰਵਾਦੀ ਸ਼ਿਵ ਸੈਨਾ ਉਸ ਦਾ ਹੀ ਸਮਰਥਨ ਕਰੇਗੀ।
ਗੋਇਲ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪਿਛਲੀ ਮੁਲਾਕਾਤ ’ਚ ਪੰਜਾਬ ’ਚ ਅੱਤਵਾਦ ਦੇ ਕਾਲੇ ਦੌਰ ’ਤੇ ਬੇਰਹਿਮੀ ਨਾਲ ਮਾਰੇ ਗਏ 30,000 ਦੇ ਲਗਭਗ ਨਿਰਦੋਸ਼ ਹਿੰਦੂ ਪਰਿਵਾਰਾਂ ਨੂੰ ਸਿੱਖ ਪੀੜਤ ਪਰਿਵਾਰਾਂ ਦੀ ਹੀ ਤਰ੍ਹਾਂ ਮੁਆਵਜਾ ਦੇਣ ਦੀ ਗੱਲ ਕਹੀ ਸੀ। ਕਾਂਗਰਸ ਨੇ ਹਿੰਦੂਆਂ ਦੀਆਂ ਵੋਟਾਂ ਲੈਣ ਸਬੰਧੀ ਇਸ ਨੂੰ ਆਪਣੇ ਪਿਛਲੇ ਚੋਣ ਮੈਨੀਫੈਸਟੋ ’ਚ ਦਰਸਾਇਆ ਸੀ ਪਰ ਅਜੇ ਤੱਕ ਮ੍ਰਿਤਕ ਹਿੰਦੂਆਂ ਦੇ ਪਰਿਵਾਰਾਂ ਨੂੰ ਕੋਈ ਵਿਸ਼ੇਸ਼ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਅੰਤ ਵਿਚ ਕਿਹਾ ਕਿ ਲਗਾਤਾਰ ਵੱਧ ਰਹੇ ਅੱਤਵਾਦ ਕਾਰਨ ਹਿੰਦੂ ਭਾਈਚਾਰਾ ਕਾਫੀ ਪ੍ਰੇਸ਼ਾਨ ਹੈ।
ਪੜ੍ਹੋ ਇਹ ਵੀ ਖ਼ਬਰ- ਮੁੱਖ ਮੰਤਰੀ ਨੂੰ ਬੇਅਦਬੀ ਦੇ ਕੇਸਾਂ ਲਈ ਫਾਸਟ ਟਰੈਕ ਅਦਾਲਤਾਂ ਬਣਾਉਣ ਦੀ ਕਰਾਂਗੇ ਸਿਫਾਰਸ਼: ਸਿੰਗਲਾ
ਇਸ ਮੌਕੇ ਚੇਅਰਮੈਨ ਪੰਜਾਬ ਅਜੈ ਭਗਤ, ਪੰਜਾਬ ਪ੍ਰਧਾਨ ਸਚਿਨ ਬਹਿਲ, ਸਕੱਤਰ ਨਰਿੰਦਰ ਮਿੰਟੂ, ਸੰਗਠਨ ਮੰਤਰੀ ਸਲਿਲ ਸਚਦੇਵ, ਜ਼ਿਲ੍ਹਾ ਪ੍ਰਧਾਨ ਦੀਪਕ ਸ਼੍ਰੀਵਾਸਤਵ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਸਚਿਨ ਕੁਮਾਰ ਆਦਿ ਮੌਜੂਦ ਸਨ ।